ਨਵੀਂ ਦਿੱਲੀ: ਅੱਜ ਦਾ ਦਿਨ ਭਾਰਤੀ ਇਤਿਹਾਸ ਦੇ ਨਾਲ ਨਾਲ ਵਿਸ਼ਵ ਦੇ ਇਤਿਹਾਸ 'ਚ ਵੀ ਬਹੁਤ ਮਹੱਤਵਪੂਰਣ ਸਥਾਨ ਰੱਖਦਾ ਹੈ। ਮੰਗਲ ਪਾਂਡੇ, ਇਕ ਸਿਪਾਹੀ, ਜਿਸ ਨੇ ਦੇਸ਼ 'ਚ ਬ੍ਰਿਟਿਸ਼ ਵਿਰੁੱਧ ਆਜ਼ਾਦੀ ਦੀ ਲੜਾਈ ਦੀ ਪਹਿਲੀ ਪੁਕਾਰ ਦਿੱਤੀ। ਉਨ੍ਹਾਂ ਨੇ 8 ਅਪ੍ਰੈਲ 1857 ਨੂੰ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ। ਈਸਟ ਇੰਡੀਆ ਕੰਪਨੀ ਦੇ 34ਵੇਂ ਬੰਗਾਲ ਇਨਫੈਂਟਰੀ ਦੇ ਸਿਪਾਹੀ ਮੰਗਲ ਪਾਂਡੇ ਨੂੰ ਇਸ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।


 


ਮੰਗਲ ਪਾਂਡੇ ਤੋਂ ਇਲਾਵਾ, ਭਾਰਤੀ ਇਤਿਹਾਸ 'ਚ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਪਾਉਣ ਵਾਲੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਦਿੱਲੀ 'ਚ ਕੇਂਦਰੀ ਅਸੈਂਬਲੀ 'ਚ ਬੰਬ ਸੁੱਟੇ ਸੀ। ਹਾਲਾਂਕਿ, ਇਸ ਬੰਬ ਧਮਾਕੇ ਦਾ ਮੁੱਖ ਉਦੇਸ਼ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਸੇ ਦਿਨ, 1894 'ਚ, ਰਾਸ਼ਟਰੀ ਗੀਤ ਬੰਦੇ ਮਾਤਰਮ ਦੇ ਲੇਖਕ, ਬਨਕਿਮ ਚੰਦਰ ਚੱਟੋਪਾਧਿਆਏ ਦੀ ਮੌਤ ਹੋਈ ਸੀ। 


 


ਵਿਸ਼ਵ ਦੇ ਇਤਿਹਾਸ 'ਚ ਅੱਜ ਦਾ ਦਿਨ:


ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਇਸ ਦਿਨ ਮੌਤ ਹੋਈ ਸੀ। ਉਹ 20 ਵੀਂ ਸਦੀ 'ਚ ਤਿੰਨ ਵਾਰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਰਹੀ। ਉਨ੍ਹਾਂ ਦੀ 8 ਅਪ੍ਰੈਲ 2013 ਨੂੰ ਲੰਡਨ ਵਿੱਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ, ਸਪੈਨਿਸ਼ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਸੋ ਦੀ ਵੀ ਸਾਲ 1973 ਵਿੱਚ ਇਸ ਦਿਨ ਮੌਤ ਹੋ ਗਈ ਸੀ।


 


ਉਥੇ ਹੀ 1950 'ਚ ਅੱਜ ਦੇ ਹੀ ਦਿਨ ਭਾਰਤ ਅਤੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਲਿਆਕਤ-ਨਹਿਰੂ ਸਮਝੌਤਾ ਹੋਇਆ ਸੀ। ਇਸ ਦਾ ਉਦੇਸ਼ ਭਵਿੱਖ 'ਚ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਰੋਕਣਾ ਸੀ। ਇਸ ਤੋਂ ਇਲਾਵਾ, 8 ਅਪ੍ਰੈਲ 1914 ਨੂੰ ਸੰਯੁਕਤ ਰਾਜ ਅਤੇ ਕੋਲੰਬੀਆ 'ਚ ਪਨਾਮਾ ਨਹਿਰ ਦੇ ਸੰਬੰਧ 'ਚ ਇਕ ਸੰਧੀ 'ਤੇ ਦਸਤਖਤ ਕੀਤੇ ਗਏ ਸਨ।