ਨਵਾਂ ਸ਼ਹਿਰ: ਨਵਾਂ ਸ਼ਹਿਰ ਦੇ ਪਿੰਡ ਮੱਲਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਘਰ 'ਚ ਵਿਆਹ ਦੀ ਚਹਿਲ-ਪਹਿਲ ਮੌਤ ਦੇ ਗਮਗੀਨ ਮਾਹੌਲ 'ਚ ਬਦਲ ਗਈ। ਇੱਕ ਲੜਕੀ ਨੇ ਆਪਣੇ ਮਾਪਿਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਵਿਆਹ 5 ਦਿਨਾਂ ਬਾਅਦ ਹੋਣਾ ਸੀ। ਮ੍ਰਿਤਕ ਦੀਆਂ ਛੇ ਹੋਰ ਭੈਣਾਂ ਹਨ। ਉਹ ਫੋਨ ਕਰ ਰਹੀਆਂ ਸੀ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।




ਇੱਕ ਭੈਣ ਨੇ ਗੁਆਂਢੀਆਂ ਨੂੰ ਫੋਨ ਕੀਤਾ ਤੇ ਘਰ ਜਾ ਕੇ ਦੇਖਣ ਲਈ ਕਿਹਾ। ਜਦੋਂ ਗੁਆਂਢੀ ਘਰ ਪਹੁੰਚੇ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ। ਕਮਰੇ 'ਚ ਮੰਜੇ 'ਤੇ ਤਿੰਨ ਲਾਸ਼ਾਂ ਪਈਆਂ ਸੀ। ਮ੍ਰਿਤਕਾਂ ਦੀ ਪਛਾਣ ਜੀਤ ਰਾਮ, ਉਸ ਦੀ ਪਤਨੀ ਚੰਨੋਂ ਤੇ ਬੇਟੀ ਯਮਨਾ ਦੇਵੀ ਵਜੋਂ ਹੋਈ ਹੈ।




ਗੁਆਂਢੀਆਂ ਨੇ ਦੱਸਿਆ ਕਿ ਲੜਕੀ ਯਮਨਾ ਦੇਵੀ ਦਾ ਵਿਆਹ 10 ਜਨਵਰੀ ਨੂੰ ਹੋਣਾ ਸੀ ਤੇ ਉਸ ਦੀਆਂ ਤਿਆਰੀਆਂ ਘਰ ਵਿੱਚ ਚੱਲ ਰਹੀਆਂ ਸੀ। ਮ੍ਰਿਤਕ ਜੀਤ ਰਾਮ ਦੀਆਂ 7 ਧੀਆਂ ਤੇ 1 ਬੇਟਾ ਸੀ, ਜਿਨ੍ਹਾਂ ਵਿੱਚੋਂ 6 ਧੀਆਂ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ, ਜਦਕਿ ਕੁਝ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਬੇਟੇ ਦੀ ਮੌਤ ਹੋ ਗਈ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।