ਸੰਸਾਰ ਦੀ ਸੱਭ ਤੋਂ ਵੱਡੀ ਅਸਾਵੀਂ ਜੰਗ ਜੋ ਰੋਪੜ ਤੋਂ ਥੋੜੀ ਦੂਰ ਪੱਛਮ ਵੱਲ ਚਮੌਕਰ ਦੀ ਕੱਚੀ ਗੜ੍ਹੀ ਵਿਖੇ ਲੜੀ ਗਈ। ਇਸ ਜੰਗ 'ਚ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾ ਕੇ ਸੰਸਾਰ ਨੂੰ ਇਕ ਨਵੀਂ ਸੇਧ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਉਮਰ ਉਸ ਸਮੇਂ 17 ਸਾਲ ਦੇ ਕਰੀਬ ਸੀ ਤੇ ਛੋਟੇ ਵੀਰ ਜੁਝਾਰ ਸਿੰਘ ਦੀ ਉਮਰ ਕਰੀਬ 14 ਸਾਲ ਦੀ ਸੀ, ਪਰ ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਤੇ ਤਲਵਾਰ ਚਲਾਉਣ 'ਚ ਨਿਪੁੰਨਤਾ, ਵੱਡੇ-ਵੱਡੇ ਯੋਧਿਆਂ ਤੋਂ ਕਿਤੇ ਅੱਗੇ ਸੀ।
ਚੜ੍ਹਦੀ ਉਮਰ 'ਚ ਨੌਜਵਾਨ ਹੁੰਦਿਆਂ ਹੀ ਅਪਣੀ ਲਿਆਕਤ, ਸਿਆਣਪ, ਦਲੇਰੀ ਤੇ ਸੂਰਬੀਰਤਾ ਦੇ ਉਹ ਜੌਹਰ ਵਿਖਾਏ ਕਿ ਦੁਨੀਆਂ 'ਚ ਅਮਿੱਟ ਯਾਦਾਂ ਛੱਡ ਗਏ। ਦਸਮ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਜਦੋਂ ਮੁਗ਼ਲ ਹਕੂਮਤ ਤੱਕ ਇਹ ਗੱਲ ਪਹੁੰਚ ਗਈ ਕਿ ਸਿੱਖਾਂ ਦੇ ਗੁਰੂ ਚਮਕੌਰ ਦੀ ਕੱਚੀ ਗੜ੍ਹੀ 'ਚ ਬਿਰਾਜਮਾਨ ਹਨ। ਮੁਗ਼ਲਾਂ ਦੀ ਦਸ ਲੱਖ ਫ਼ੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ।
ਗੜ੍ਹੀ ਦੀਆਂ ਕੰਧਾਂ ਗਾਰੇ ਦੀਆਂ ਬਣੀਆਂ ਹੋਈਆਂ ਸੀ। ਪਰ ਗੁਰੂ ਜੀ ਨੇ ਉੱਚੀ ਥਾਂ ਬੈਠ ਆਪ ਯੁਧ ਦੀ ਅਗਵਾਈ ਕੀਤੀ ਅਤੇ ਲੱਖਾਂ ਦੇ ਟਿੱਡੀ ਦਲ ਨੂੰ ਗੜ੍ਹੀ ਦੇ ਨੇੜੇ ਨਹੀਂ ਢੁਕਣ ਦਿਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੜ੍ਹੀ 'ਚੋਂ ਨਿਕਲ ਕੇ ਦੁਸ਼ਮਣਾਂ ਦਾ ਆਹਮੋ ਸਾਹਮਣੇ ਹੋ ਕੇ ਮੁਕਾਬਲਾ ਕੀਤਾ ਤੇ ਖ਼ੂਬ ਸੂਰਬੀਰਤਾ ਦੇ ਜੌਹਰ ਵਿਖਾਏ ਤੇ ਬਹੁਤ ਸਾਰੇ ਮੁਗ਼ਲ ਸਿਪਾਹੀਆਂ ਨੂੰ ਮਾਰ ਕੇ ਅੰਤ 'ਚ ਆਪ ਵੀ 22 ਦਸੰਬਰ ਸੰਨ 1704 ਈ. ਨੂੰ ਸ਼ਹੀਦੀ ਜਾਮ ਪੀ ਗਏ।
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਜੰਗੇ ਮੈਦਾਨ 'ਚ ਕੁੱਦ ਪਏ ਤੇ ਹਜ਼ਾਰਾਂ ਦੁਸ਼ਮਣਾਂ ਨੂੰ ਅਪਣੀ ਬਾਲ ਉਮਰ ਦਾ ਜੋਸ਼ ਵਿਖਾਉਂਦੇ ਹੋਏ ਮੌਤ ਦੇ ਘਾਟ ਉਤਾਰ ਦਿੱਤਾ। ਦਸਮ ਪਿਤਾ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਲੜਦਿਆਂ ਤੇ ਸ਼ਹੀਦੀ ਪਾਉਂਦਿਆਂ ਅਪਣੇ ਅੱਖੀਂ ਵੇਖ ਰਹੇ ਸੀ। ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਨੇ ਜੈਕਾਰੇ ਛੱਡੇ ਅਕਾਲ ਪੁਰਖ ਦਾ ਧੰਨਵਾਦ ਕੀਤਾ।