ਕਰਨਾਲ: ਅੱਜ ਕਿਸਾਨ ਆਗੂਆਂ ਅਤੇ ਡੀਐਮ-ਐਸਪੀ ਦਰਮਿਆਨ ਕਰਨਾਲ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿੱਚ ਲਗਭਗ ਤਿੰਨ ਘੰਟਿਆਂ ਦੀ ਮੀਟਿੰਗ ਹੋਈ। ਹਾਲਾਂਕਿ, ਇਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ। ਜਿਸ ਤੋਂ ਬਾਅਦ ਵੀ ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਡਟੇ ਹੋਏ ਹਨ। ਹੁਣ ਤੱਕ ਤਿੰਨ ਦੌਰ ਦੀ ਬੈਠਕ ਹੋ ਚੁਕੀ ਹੈ, ਪਰ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਡਟੇ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਧਰਨੇ ਤੋਂ ਨਹੀਂ ਉੱਠਣਗੇ। 

 

ਮੰਗਲਵਾਰ ਨੂੰ ਵੀ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਦੀ ਇੱਕ ਲੰਬੀ ਮੀਟਿੰਗ ਹੋਈ। ਪਰ ਗੱਲਬਾਤ ਅਸਫਲ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਮਹਾਪੰਚਾਇਤ ਰੱਖੀ। ਇਸ ਤੋਂ ਬਾਅਦ ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਅਤੇ ਇਥੇ ਧਰਨੇ 'ਤੇ ਬੈਠ ਗਏ। ਮਾਰਚ ਦੌਰਾਨ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।

ਪ੍ਰਦਰਸ਼ਨਕਾਰੀ 28 ਅਗਸਤ ਨੂੰ ਕਰਨਾਲ ਵਿੱਚ ਪੁਲਿਸ ਲਾਠੀਚਾਰਜ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਕਰਨਾਲ ਦੇ ਸਾਬਕਾ ਐਸਡੀਐਮ ਸਿਨਹਾ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਵੱਡੇ ਨੌਕਰਸ਼ਾਹੀ ਫੇਰਬਦਲ ਵਿੱਚ ਤਬਦੀਲ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਨੇਤਾ ਸਿਨਹਾ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ। ਸਿਨਹਾ ਨੂੰ ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ਪੁਲਿਸ ਵਾਲਿਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਜੇ ਉਹ ਸੁਰੱਖਿਆ ਨੂੰ ਤੋੜਦੇ ਹਨ ਤਾਂ ਪ੍ਰਦਰਸ਼ਨਕਾਰੀਆਂ ਦਾ "ਸਿਰ ਭੰਨ ਦਵੋ।"


 

ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਕਈ ਨੇਤਾਵਾਂ ਦੇ ਨਾਲ ਮਿੰਨੀ ਸਕੱਤਰੇਤ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਰਾਤ ਬਿਤਾਈ। ਸਵੇਰੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ 'ਤੇ ਚਾਹ ਬਣਾਉਂਦੇ ਅਤੇ ਨਾਸ਼ਤਾ ਪਰੋਸਦੇ ਹੋਏ ਦੇਖਿਆ ਗਿਆ।