ਚੰਡੀਗੜ੍ਹ: ਆਮ ਬਜਟ 'ਚ ਕੇਂਦਰ ਸਰਕਾਰ ਨੂੰ ਘੇਰਨ ਲਈ ਰਣਨੀਤੀ ਬਣਾਉਣ ਲਈ ਪੰਜਾਬ ਦੇ ਕਾਂਗਰਸੀ ਸਾਂਸਦਾਂ ਦੀ ਅੱਜ ਮੀਟਿੰਗ ਬੁਲਾਈ ਗਈ। ਇਸ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਸਾਰੇ ਕਾਂਗਰਸੀ ਸਾਂਸਦ ਸ਼ਾਮਲ ਹੋਏ। ਇੰਨਾ ਹੀ ਨਹੀਂ ਬੈਠਕ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ।


ਇਸ ਤੋਂ ਪਹਿਲਾਂ ਬਾਜਵਾ ਅਕਸਰ ਕੈਪਟਨ 'ਤੇ ਤਿੱਖੇ ਵਾਰ ਕਰਦੇ ਰਹੇ ਹਨ। ਬਾਜਵਾ ਤੇ ਕੈਪਟਨ ਦੀ ਲੜਾਈ ਜਨਤਕ ਹੋ ਚੁੱਕੀ ਹੈ। ਇੱਥੋਂ ਤੱਕ ਕਿ ਇਹ ਮਾਮਲਾ ਹਾਈਕਮਾਨ ਤੱਕ ਵੀ ਪਹੁੰਚਿਆ ਹੋਇਆ ਹੈ। ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਤੇ ਬਾਜਵਾ ਸਿਰਫ ਦੋ ਵਾਰ ਆਹਮੋ-ਸਾਹਮਣੇ ਬੈਠੇ ਸੀ।

ਅੱਜ ਦੀ ਇਸ ਬੈਠਕ 'ਚ ਇਹ ਚਰਚਾ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਆਮ ਬਜਟ ਇਜਲਾਸ 'ਚ ਕਿਵੇਂ ਘੇਰਨਾ ਹੈ? ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਦੇ ਸਾਂਸਦਾਂ ਦੀ ਵਿਰੋਧੀ ਸਰਕਾਰ ਨੂੰ ਘੇਰਨ ਲਈ ਰਣਨੀਤੀ ਤਿਆਰ ਕਰਨ ਲਈ ਪ੍ਰੀ ਬਜਟ ਬੈਠਕ ਬੁਲਾਈ ਗਈ ਹੋਵੇ। ਇਸ ਮੀਟਿੰਗ 'ਚ ਕਾਂਗਰਸੀ ਸਾਂਸਦਾਂ ਨੂੰ ਖਾਸ ਤੌਰ 'ਤੇ ਇਸ ਗੱਲ 'ਤੇ ਵੀ ਧਿਆਨ ਦੇਣ ਲਈ ਕਿਹਾ ਹੈ ਕਿ ਪੰਜਾਬ ਦੇ ਲਈ ਬਜਟ 'ਚ ਕੀ ਹੈ ਤੇ ਇਸ ਦਾ ਪੰਜਾਬ 'ਤੇ ਕੀ ਅਸਰ ਪਵੇਗਾ।