ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ਲਈ ਰਾਮ ਮੰਦਰ ਟਰੱਸਟ ਦਾ ਐਲਾਨ ਹੋ ਸਕਦਾ ਹੈ। ਏਬੀਪੀ ਨਿਊਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਇਸ ਮਾਮਲੇ 'ਚ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਿਹਾ ਹੈ। ਇਸ ਸਮੇਂ ਰਾਮ ਮੰਦਰ ਟਰੱਸਟ 'ਚ ਸ਼ਾਮਲ ਹੋਣ ਵਾਲੇ ਨਾਂਵਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।


ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ 8 ਤੋਂ 18 ਵਿਅਕਤੀਆਂ ਦਾ ਨਾਂ ਰਾਮ ਮੰਦਰ ਟਰੱਸਟ ਵਿੱਚ ਲਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਦੇ ਪ੍ਰੋਟੈਕਸ਼ਨ ਬੋਰਡ 'ਚ ਕੁਝ ਨਾਂ ਅਹੁਦੇ ਮੁਤਾਬਕ ਹੋਣਗੇ- ਜਿਵੇਂ ਮੁੱਖ ਮੰਤਰੀ, ਰਾਜਪਾਲ, ਮੁੱਖ ਸਕੱਤਰ, ਗ੍ਰਹਿ ਸਕੱਤਰ। ਇਸ ਤੋਂ ਇਲਾਵਾ ਅਯੁੱਧਿਆ ਦੇ ਸੰਤ ਵੀ ਸ਼ਾਮਲ ਹੋਣਗੇ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦੋ ਮੈਂਬਰ ਅਤੇ ਆਰਐਸਐਸ ਦਾ 1 ਮੈਂਬਰ ਟਰੱਸਟ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਭਾਜਪਾ ਦਾ ਵੀ ਇੱਕ ਨਾਂ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਮੇਂ ਨੋਟੀਫਿਕੇਸ਼ਨ ਦੀ ਉਡੀਕ ਹੈ। ਇਸ ਟਰੱਸਟ 'ਚ ਸਿਰਫ ਰਾਮ ਸ਼ਰਧਾਲੂਆਂ ਦੇ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

ਸੂਤਰ ਇਹ ਵੀ ਕਹਿੰਦੇ ਹਨ ਕਿ 42 ਲੋਕਾਂ ਦੇ ਨਾਂਵਾਂ ਦੀ ਸੂਚੀ ਗ੍ਰਹਿ ਮੰਤਰਾਲੇ ਦੀ ਕਮੇਟੀ ਨੂੰ ਭੇਜੀ ਗਈ ਸੀ। ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਮੰਤਰਾਲੇ 'ਚ ਟਰੱਸਟ ਦੇ ਕੰਮ ਨੂੰ ਵੇਖ ਰਹੇ ਇੱਕ ਸਰੋਤ ਨੇ ਦੱਸਿਆ ਕਿ ਦੇਸ਼ ਦੇ ਕੁਝ ਹੋਰ ਟਰੱਸਟਾਂ ਦੇ ਲੋਕਾਂ ਦੇ ਨਾਂ ਵੀ ਰਾਮ ਮੰਦਰ ਟਰੱਸਟ 'ਚ ਸ਼ਾਮਲ ਕੀਤੇ ਜਾ ਰਹੇ ਹਨ।