ਹੌਸਟਨ: ਅਮਰੀਕੀ ਏਅਰਫੋਰਸ ਦੇ ਭਾਰਤੀ ਮੂਲ ਦੇ ਕਰਨਲ ਰਾਜਾ ਜਾਨ ਵੁਰਪੁਤੂਰ ਚਾਰੀ ਸਮੇਤ ਨਾਸਾ ਦੇ 11 ਨਵੇਂ ਗ੍ਰੈਜੂਏਟਾਂ ਦੀ ਇੰਟਰਨੈਸ਼ਨਲ ਸਪੇਸ ਸਟੇਸ਼ਨ, ਚੰਦਰਮਾ ਤੇ ਮੰਗਲ ਲਈ ਭੱਵਿਖ 'ਚ ਮਿਸ਼ਨਾਂ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ। ਨਾਸਾ ਦੇ ਇਨ੍ਹਾਂ 11 ਨਵੇਂ ਗ੍ਰੈਜੂਏਟਸ ਨੇ ਦੋ ਸਾਲ ਤੋਂ ਵੱਧ ਸਮੇਂ ਲਈ ਮੁੱਢਲੀ ਸਿਖਲਾਈ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ।

ਨਾਸਾ ਨੇ ਆਪਣੇ 'ਆਰਟੇਮਿਸ' ਸਮਾਗਮ ਦੇ ਐਲਾਨ ਕਰਨ ਤੋਂ ਬਾਅਦ 2017 'ਚ ਇਨ੍ਹਾਂ ਸਫਲ ਪੁਲਾੜ ਯਾਤਰੀਆਂ ਦੀ ਚੋਣ 18,000 ਬਿਨੈਕਾਰਾਂ 'ਚੋਂ ਕੀਤੀ ਸੀ। ਚਾਰੀ ਨੂੰ 2017 ਪੁਲਾੜ ਯਾਤਰੀ ਵਰਗ 'ਚ ਸ਼ਾਮਲ ਕਰਨ ਲਈ ਨਾਸਾ ਵੱਲੋਂ ਚੁਣਿਆ ਗਿਆ ਸੀ। ਉਨ੍ਹਾਂ ਅਗਸਤ 2017 'ਚ ਡਿਊਟੀ ਲਈ ਰਿਪੋਰਟ ਕੀਤਾ ਗਿਆ ਸੀ। ਹੁਣ ਉਹ ਸ਼ੁਰੂਆਤੀ ਪੁਲਾੜ ਯਾਤਰੀ ਉਮੀਦਵਾਰ ਦੀ ਸਿਖਲਾਈ ਪੂਰੀ ਕਰਕੇ ਮਿਸ਼ਨ 'ਤੇ ਜਾਣ ਦੇ ਯੋਗ ਹੋ ਗਏ ਹਨ।

ਇੱਥੇ ਇੱਕ ਸਮਾਗਮ ਦੌਰਾਨ ਹਰ ਇੱਕ ਨਵੇਂ ਪੁਲਾੜ ਯਾਤਰੀ ਨੂੰ ਰਵਾਇਤੀ ਤਰੀਕੇ ਨਾਲ ਚਾਂਦੀ ਦਾ ਇੱਕ ਪਿੰਨ ਦਿੱਤਾ ਗਿਆ। ਪੁਲਾੜ ਯਾਤਰੀ ਜਦ ਆਪਣੀ ਪਹਿਲੀ ਪੁਲਾੜ ਯਾਤਰਾ ਪੂਰੀ ਕਰ ਲੈਣਗੇ ਤਾਂ ਉਨ੍ਹਾਂ ਨੂੰ ਸੋਨੇ ਦਾ ਇੱਕ ਪਿੰਨ ਦਿੱਤਾ ਜਾਵੇਗਾ। ਨਵੇਂ ਗ੍ਰੈਜੂਏਟਸ ਨੂੰ ਆਈਐਸਐਸ, ਚੰਦ ਤੇ ਮੰਗਲ ਮਿਸ਼ਨਾਂ 'ਤੇ ਭੇਜਿਆ ਜਾ ਸਕਦਾ ਹੈ। ਇਸ ਦਹਾਕੇ ਦੇ ਅੰਤ ਤੱਕ ਚੰਦ 'ਤੇ ਇੱਕ ਨਿਰੰਤਰ ਖੋਜ ਦੇ ਟੀਚੇ ਨਾਲ ਨਾਸਾ ਪਹਿਲੀ ਮਹਿਲਾ ਪੁਲਾੜ ਯਾਤਰਾ ਨੂੰ 2024 ਤੱਕ ਚੰਦ ਦੀ ਸਤ੍ਹਾ 'ਤੇ ਭੇਜੇਗਾ।