ਅਸ਼ਰਫ ਢੁੱਡੀ
ਪੱਛਮੀ ਬੰਗਾਲ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਯੁੰਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰ ਪਛਮੀ ਬੰਗਾਲ 'ਚ ਪਹੁੰਚੇ ਹੋਏ ਹਨ। ਅੱਜ ਸੀਨੀਅਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਨੰਦੀਗ੍ਰਾਮ 'ਚ ਬੀਜੇਪੀ 'ਤੇ ਬੋਲਦਿਆਂ ਕਿਹਾ ਹੈ ਕਿ "ਇਹ ਸਰਕਾਰ ਸਿਰਫ ਵੋਟ ਦੀ ਨੀਤੀ ਜਾਣਦੀ ਹੈ। ਇਸ ਨੂੰ ਵੋਟ ਦੀ ਚੋਟ ਦੇਣੀ ਚਾਹੀਦੀ ਹੈ। ਤੁਹਾਡੇ ਹਥ 'ਚ ਬਹੁਤ ਵੱਡਾ ਹਥਿਆਰ ਹੈ। ਜਿਸ ਨੂੰ ਮਨ ਕਰਦਾ ਹੈ ਉਸ ਨੂੰ ਵੋਟ ਦੇ ਦਿਓ, ਚਾਹੇ ਜੇਤੂ ਉਮੀਦਵਾਰ ਨੂੰ ਵੀ ਵੋਟ ਦੇ ਦਿਓ, ਪਰ ਮੋਦੀ ਨੂੰ ਵੋਟ ਨਾ ਦੇਣਾ। ਮੋਦੀ ਦੇਸ਼ ਲ਼ਈ ਅੱਜ ਸਭ ਤੋਂ ਵੱਡਾ ਖਤਰਾ ਹੈ, ਸਾਨੂੰ ਪਾਕਿਸਤਾਨ ਤੋਂ ਖਤਰਾਂ ਨਹੀਂ, ਸਾਨੂੰ ਕਿਸੇ ਦੇਸ਼ ਤੋਂ ਖਤਰਾ ਨਹੀਂ, ਜੇ ਇਸ ਦੇਸ਼ ਨੂੰ ਖਤਰਾ ਹੈ ਤਾਂ ਮੋਦੀ ਤੋਂ ਖਤਰਾ ਹੈ।"
ਕਿਸਾਨ ਅੰਦੋਲਨ ਪਹਿਲੇ ਦਿਨ ਤੋਂ ਹੀ ਸਿਆਸੀ ਨੇਤਾ ਅਤੇ ਸਿਆਸਤ ਤੋਂ ਕੋਹਾ ਦੂਰ ਰਿਹਾ ਹੈ ਪਰ ਅੱਜ ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਅੰਦੋਲਨ 'ਚ ਸਿਆਸੀ ਰੰਗ ਘੁਲ ਗਿਆ ਹੈ। ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਦਾ ਇਕ ਬਹੁਤ ਵੱਡਾ ਚਹਿਰਾ ਹਨ। ਅੱਜ ਬਲਬੀਰ ਸਿੰਘ ਰਾਜੇਵਾਲ ਨੰਦੀਗ੍ਰਾਮ ਵਿਖੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਨੰਦੀਗ੍ਰਾਮ ਸੀਟ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ 'ਚ ਹੈ ਅਤੇ ਉਨ੍ਹਾਂ ਦੇ ਵਿਰੁਧ 'ਚ ਟੀਐਮਸੀ ਛੱਡ ਕੇ ਬੀਜੇਪੀ 'ਚ ਗਏ ਸੁਵੇਂਦੁ ਮੁਖਰਜੀ ਚੋਣ ਲੜ ਰਹੇ ਹਨ। ਇਸ ਲਈ ਬਲਬੀਰ ਸਿੰਘ ਰਾਜੇਵਾਲ ਵਲੋਂ ਦਿੱਤੇ ਇਸ ਬਿਆਨ ਨੇ ਕਾਫੀ ਹਲਚਲ ਮਚਾ ਦਿੱਤੀ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੀ ਇਸ ਕਿਸਾਨ ਮਹਾਪੰਚਾਇਤ 'ਚ ਲੋਕਾਂ ਨੂੰ ਕਿਹਾ ਹੈ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ। ਯੋਗੇਂਦਰ ਯਾਦਵ ਨੇ ਕਿਸਾਨਾਂ ਦੀ ਖੁੱਲ੍ਹੀ ਚਿੱਠੀ ਨੂੰ ਵੀ ਮੰਚ ਤੋਂ ਪੜਿਆ। ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੱਛਮੀ ਬੰਗਾਲ ਦੇ 294 ਵਿਧਾਨ ਸਭਾ ਹਲਕਿਆਂ 'ਚ ਵੰਡੀਆਂ ਜਾਣਗੀਆਂ। ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਸਾਰੇ ਅਧਾਰਿਆਂ ਨੂੰ ਪ੍ਰਾਈਵੇਟ ਕਰ ਰਹੀ ਹੈ ਅਤੇ ਸਾਰੇ ਵਿਭਾਗਾਂ ਨੂੰ ਕਾਰਪੋਰੇਟ ਦੇ ਹਵਾਲੇ ਕਰ ਰਹੀ ਹੈ। ਪੱਛਮੀ ਬੰਗਾਲ 'ਚ 27 ਮਾਰਚ 2021 ਤੋਂ ਚੋਣਾਂ ਹੋਣਗੀਆਂ ਜੋ ਕਿ 2 ਮਈ 2021 ਤੱਕ 8 ਪੜਾਅ 'ਚ ਹੋਣਗੀਆਂ।