ਜਲੰਧਰ: ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਅਜਿਹੇ 'ਚ ਜਲੰਧਰ ਦੇ ਇੱਕ ਹਸਪਤਾਲ 'ਚ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਜਲੰਧਰ ਦੇ ਲਿੰਕ ਰੋਡ 'ਤੇ ਸਥਿਤ ਇੱਕ ਨਿਜੀ ਹਸਪਤਾਲ 'ਚ ਕੋਰੋਨਾ ਮਰੀਜ਼ ਦੀ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਬਾਹਰ ਹੀ ਹੰਗਾਮਾ ਕਰ ਦਿੱਤਾ।
ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ। ਜਿਸ ਕਾਰਨ ਉਹ ਕਾਫੀ ਭੜਕ ਗਏ ਹਨ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਮਰੀਜ਼ ਦੀ ਮੌਤ ਹੋਣ 'ਤੇ ਪਰਿਵਾਰ ਵਾਲਿਆਂ ਨੇ ਇਸ ਕਦਰ ਬਵਾਲ ਮਚਾ ਦਿੱਤਾ ਕਿ ਉਨ੍ਹਾਂ ਨੇ ਹਸਪਤਾਲ 'ਚ ਵੀ ਤੋੜ ਭੰਨ ਸ਼ੁਰੂ ਕਰ ਦਿੱਤੀ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਆ ਗਈ ਅਤੇ ਪੁਲਿਸ ਵੱਲੋਂ ਪਰਿਵਾਰ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਗਿਆ। ਉਧਰ ਇਸ ਪੂਰੇ ਮਾਮਲੇ 'ਚ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਮਰੀਜ਼ ਦੇ ਪਰਿਵਾਰ ਵਲੋਂ ਲਗਾਏ ਗਏ ਆਰੋਪ ਬੇਬੁਨਿਆਦ ਹਨ।
ਪੰਜਾਬ ਅੰਦਰ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁਕਰਵਾਰ ਪੰਜਾਬ ਅੰਦਰ 34 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਪਿੱਛਲੇ ਸਾਲ ਅਕਤੂਬਰ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਣਤੀ ਹੈ। 14 ਅਕਤੂਬਰ 2020 ਤੋਂ ਬਾਅਦ ਇਹ ਮੌਤਾਂ ਦੀ ਗਿਣਤੀ ਦਾ ਸਭ ਤੋਂ ਵੱਡਾ ਅੰਕੜਾ ਹੈ। ਪੰਜਾਬ 'ਚ ਕੋਰੋਨਾ ਲਗਾਤਾਰ ਆਪਣੇ ਪੈਰ ਮੁੜ ਪਸਾਰਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਪੰਜਾਬ ਅੰਦਰ 1414 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਨ੍ਹਾਂ 1414 ਵਿੱਚ 21 ਵਿਦਿਆਰਥੀ ਅਤੇ 5 ਅਧਿਆਪਕ ਵੀ ਸ਼ਾਮਲ ਹਨ।