ਨਵੀਂ ਦਿੱਲੀ: ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖਰਕਾਰ ਦੱਖਣ-ਪੱਛਮੀ ਮਾਨਸੂਨ ਮੰਗਲਵਾਰ ਨੂੰ ਪੂਰੇ ਦੇਸ਼ 'ਚ ਛਾ ਗਿਆ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਆਮ ਤੌਰ 'ਤੇ ਦੱਖਣ-ਪੱਛਮੀ ਮਾਨਸੂਨ 8 ਜੁਲਾਈ ਨੂੰ ਪੂਰੇ ਦੇਸ਼ 'ਚ ਪਹੁੰਚ ਜਾਂਦਾ ਹੈ। ਪਰ, ਇਸ ਵਾਰ ਇਹ ਥੋੜ੍ਹੀ ਦੇਰ ਨਾਲ ਪਹੁੰਚਿਆ। ਇਸ ਤੋਂ ਪਹਿਲਾਂ ਮਾਨਸੂਨ ਦੇ ਪੂਰੇ ਦੇਸ਼ ਨੂੰ ਛਾਉਣ ਲਈ ਆਮ ਤਰੀਕ 15 ਜੁਲਾਈ ਸੀ। ਪਿਛਲੇ ਸਾਲ ਮੌਸਮ ਵਿਭਾਗ ਨੇ ਬਹੁਤ ਸਾਰੇ ਖੇਤਰਾਂ ਲਈ ਆਪਣੀ ਸ਼ੁਰੂਆਤ ਦੀ ਮਿਤੀ ਨੂੰ ਸੋਧਿਆ ਸੀ।
ਸੋਮਵਾਰ ਨੂੰ ਮਾਨਸੂਨ ਦਿੱਲੀ ਨੂੰ ਛੱਡ ਕੇ ਰਾਜਸਥਾਨ ਦੇ ਜੈਸਲਮੇਰ ਤੇ ਗੰਗਾਨਗਰ ਜ਼ਿਲ੍ਹਿਆਂ 'ਚ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਸੀ। ਇਹ ਆਮ ਤਰੀਕ ਤੋਂ ਦੋ ਹਫ਼ਤੇ ਪਹਿਲਾਂ ਰਾਜਸਥਾਨ ਦੇ ਇੱਕ ਹੋਰ ਮਾਰੂਥਲ ਜ਼ਿਲ੍ਹੇ ਬਾੜਮੇਰ ਪਹੁੰਚਿਆ ਸੀ। ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਕਈ ਹਿੱਸਿਆਂ 'ਚ ਮੰਗਲਵਾਰ ਨੂੰ ਮੀਂਹ ਪਿਆ। ਇਸ ਤੋਂ ਬਾਅਦ ਮੌਸਮ ਵਿਭਾਗ ਨੇ ਮਾਨਸੂਨ ਦੇ ਦਿੱਲੀ ਆਉਣ ਦੀ ਘੋਸ਼ਣਾ ਕੀਤੀ।
ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਬੰਗਾਲ ਦੀ ਖਾੜੀ ਤੋਂ ਨਮੀ ਨਾਲ ਭਰੀਆਂ ਤੇਜ਼ ਹਵਾਵਾਂ ਦੇ ਚੱਲਣ ਕਾਰਨ ਬੱਦਲਾਂ ਦਾ ਦਾਇਰਾ ਵਧ ਗਿਆ ਤੇ ਕਈਂ ਥਾਵਾਂ 'ਤੇ ਬਾਰਸ਼ ਹੋਈ। ਦੱਖਣ-ਪੱਛਮੀ ਮੌਨਸੂਨ ਹੋਰ ਅੱਗੇ ਵਧਿਆ ਤੇ ਦਿੱਲੀ ਸਮੇਤ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਬਾਕੀ ਸਥਾਨਾਂ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਪਹੁੰਚ ਗਿਆ।
ਦੱਖਣ-ਪੱਛਮੀ ਮਾਨਸੂਨ ਨੇ 3 ਜੂਨ ਨੂੰ ਕੇਰਲ ਦਾ ਦਰਵਾਜ਼ਾ ਖੜਕਾਇਆ ਸੀ। ਇਸ ਸੂਬੇ 'ਚ ਇਸ ਦੇ ਆਉਣ ਦੀ ਆਮ ਤਰੀਕ 1 ਜੂਨ ਹੈ ਪਰ ਜਲਦੀ ਹੀ ਇਸ ਨੇ ਕੇਂਦਰੀ, ਪੱਛਮੀ, ਪੂਰਬੀ, ਉੱਤਰ-ਪੂਰਬ ਤੇ ਦੱਖਣੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ 15 ਜੂਨ ਤਕ ਕਵਰ ਕਰ ਲਿਆ। ਇਹ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ 'ਚ ਵੀ ਪਹੁੰਚਿਆ। ਹਾਲਾਂਕਿ ਪੱਛਮੀ ਹਵਾਵਾਂ ਜਿਹੀਆਂ ਕੁਝ ਅਸਹਿਜ਼ ਹਾਲਤਾਂ ਕਾਰਨ ਪੱਛਮੀ ਰਾਜਸਥਾਨ, ਹਰਿਆਣਾ, ਦਿੱਲੀ ਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਇਸ ਦਾ ਅੱਗੇ ਵਧਣਾ ਰੁਕ ਗਿਆ ਸੀ।
ਸਕਾਈਮੇਟ ਮੌਸਮ ਦੇ ਅਨੁਸਾਰ ਦੱਖਣੀ ਗੁਜਰਾਤ ਦੇ ਤਟੀ ਕਰਨਾਟਕ ਦੇ ਕੋਂਕਣ ਤੇ ਗੋਆ ਦੇ ਹਿੱਸਿਆਂ ਅਤੇ ਮਰਾਠਵਾੜਾ ਦੇ ਕੁਝ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ, ਸਿੱਕਮ, ਉਪ ਹਿਮਾਲੀਅਨ ਪੱਛਮੀ ਬੰਗਾਲ, ਤੇਲੰਗਾਨਾ, ਦੱਖਣੀ ਛੱਤੀਸਗੜ, ਤੱਟੀ ਆਂਧਰਾ ਪ੍ਰਦੇਸ਼, ਉੜੀਸਾ ਦੇ ਦੱਖਣੀ ਤੱਟ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਇਕੱਲਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਉੱਤਰ ਪ੍ਰਦੇਸ਼ ਦੇ ਪਹਾੜੀਆਂ, ਗੰਗਾ ਪੱਛਮੀ ਬੰਗਾਲ ਦੇ ਕੁਝ ਹਿੱਸੇ, ਅੰਦਰੂਨੀ ਉੜੀਸਾ, ਦੱਖਣੀ ਮੱਧ ਪ੍ਰਦੇਸ਼, ਗੁਜਰਾਤ ਦੇ ਬਾਕੀ ਹਿੱਸੇ, ਕੇਰਲ, ਰਾਇਲਸੀਮਾ, ਅੰਦਰੂਨੀ ਕਰਨਾਟਕ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ। ਰਾਜਸਥਾਨ, ਮੱਧ ਪ੍ਰਦੇਸ਼ ਦੇ ਪੱਛਮੀ ਹਿੱਸਿਆਂ, ਉੱਤਰੀ ਛੱਤੀਸਗੜ, ਤਾਮਿਲਨਾਡੂ ਤੇ ਲਕਸ਼ਦੀਪ 'ਤੇ ਹਲਕੀ ਬਾਰਸ਼ ਸੰਭਵ ਹੈ।