Delhi Lockdown: ਕੋਰੋਨਾ-ਵਾਇਰਸ ਦੀ ਲਾਗ ਦੀ ਬੇਕਾਬੂ ਹੋ ਚੁੱਕੀ ਰਫ਼ਤਾਰ ’ਤੇ ਬ੍ਰੇਕ ਲਾਉਣ ਲਈ ਦਿੱਲੀ ਸਰਕਾਰ ਨੇ ਇੱਕ ਵਾਰ ਫਿਰ ਲੌਕਡਾਊਨ ਦੀ ਮਿਆਦ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਸੀ ਕਿ ਦਿੱਲੀ ’ਚ ਲੌਕਡਾਊਨ ਇੱਕ ਹੋਰ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ। ਲੌਕਡਾਊਨ 17 ਮਈ ਸੋਮਵਾਰ ਦੀ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਵਾਰ ਲੌਕਡਾਊਨ ’ਚ ਪਹਿਲਾਂ ਤੋਂ ਜ਼ਿਆਦਾ ਸਖ਼ਤੀ ਵਰਤੀ ਜਾਵੇਗੀ।


 
ਦਿੱਲੀ ’ਚ ਮੈਟਰੋ ਰੇਲ ਸੇਵਾ ਕੀਤੀ ਬੰਦ
ਰਾਜਧਾਨੀ ’ਚ ਮੈਟਰੋ ਰੇਲ ਸੇਵਾ ਵੀ ਰੋਕ ਦਿੱਤੀ ਗਈ ਹੈ। ਦਿੱਲੀ ’ਚ ਲਾਗ ਦੇ ਵਧਦੇ ਜਾ ਰਹੇ ਮਾਮਲਿਆਂ ਦੀ ਭਿਆਨਕ ਰਫ਼ਤਾਰ ਨੂੰ ਵੇਖਦਿਆਂ 19 ਅਪ੍ਰੈਲ ਨੂੰ ਇੱਕ ਹਫ਼ਤੇ ਦਾ ਲੌਕਡਾਊਨ ਲਾਇਆ ਗਿਆ ਸੀ। ਉਸ ਤੋਂ ਬਾਅਦ ਦਿੱਲੀ ਸਰਕਾਰ ਲਗਾਤਾਰ ਲੌਕਡਾਊਨ ਵਧਾ ਰਹੀ ਹੈ ਪਰ ਇਸ ਦੌਰਾਨ ਮੈਟਰੋ ਸੇਵਾ ਜਾਰੀ ਸੀ ਪਰ ਹੁਣ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸੇਵਾ ਅਗਲੇ ਸੋਮਵਾਰ ਤੱਕ ਬੰਦ ਰਹੇਗੀ। ਟ੍ਰਾਂਸਪੋਰਟ ਦੇ ਹੋਰ ਸਾਧਨਾਂ ਜਿਵੇਂ ਬੱਸ, ਆਟੋ, ਟੈਕਸੀ ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ।

 

ਵਿਆਹਾਂ ਮੌਕੇ ਮਹਿਮਾਨਾਂ ਦੀ ਗਿਣਤੀ ਹੋਵੇਗੀ ਸੀਮਤ
ਦਿੱਲੀ ਸਰਕਾਰ ਨੇ ਵਿਆਹਾਂ ਉੱਤੇ ਤਾਂ ਕੋਈ ਰੋਕ ਨਹੀਂ ਲਾਈ ਪਰ ਮਹਿਮਾਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਹਾਲੇ ਤੱਕ ਵਿਆਹਾਂ ਵਿੱਚ 50 ਮਹਿਮਾਨਾਂ ਨੂੰ ਸੱਦਿਆ ਜਾ ਸਕਦਾ ਸੀ ਪਰ ਇਸ ਵਾਰ ਦੇ ਲੌਕਡਾਊਨ ’ਚ ਵਿਆਹਾਂ ਵਿੱਚ ਸਿਰਫ਼ 20 ਮਹਿਮਾਨਾਂ ਨੂੰ ਸੱਦਣ ਦੀ ਇਜਾਜ਼ਤ ਦਿੱਤੀ ਗਈ ਹੈ।

 

ਵਿਆਹ ਸਿਰਫ਼ ਘਰ ’ਚ ਹੋਣਗੇ ਜਾਂ ਕੋਰਟ ’ਚ
ਵਿਆਹ ਹੁਣ ਸਿਰਫ਼ ਅਦਾਲਤਾਂ ’ਚ ਜਾਂ ਤੇ ਜਾਂ ਘਰਾਂ ਅੰਦਰ ਹੋ ਸਕਣਗੇ। ਕਿਸੇ ਮੈਰਿਜ ਹਾੱਲ, ਬੈਂਕੁਏਟ ਹਾਲ ਜਾਂ ਹੋਟਲ ਵਿੱਚ ਵਿਆਹ ਸਮਾਰੋਹ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਵਿਆਹਾਂ ਵਿੱਚ ਟੈਂਟ, ਡੀਜੇ, ਕੇਟਰਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਜੇ ਪਹਿਲਾਂ ਅਜਿਹੀ ਕੋਈ ਬੁਕਿੰਗ ਹੋਈ ਹੈ, ਉਹ ਪੈਸੇ ਸਬੰਧਤ ਧਿਰਾਂ ਨੂੰ ਮੋੜਨਗੇ ਹੋਣਗੇ।

 
ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ
ਲੌਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਤੇ ਮੈਡੀਕਲ ਸੇਵਾਵਾਂ ਜਾਰੀ ਰਹਿਣਗੀਆਂ। ਦਿੱਲੀ ਆਫ਼ਤ ਪ੍ਰਬੰਧ ਅਥਾਰਟੀ ਨੇ ਕਿਹਾ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਮੰਦਰਾਂ ਤੇ ਦੁਕਾਨਾਂ ਵਿੱਚ ਕੋਵਿਡ ਨਾਲ ਸਬੰਧਤ ਵਾਜਬ ਵਿਵਹਾਰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਅਧਿਕਾਰੀ, ਐਸਪੀ ਤੇ ਸਬੰਧਤ ਅਥਾਰਟੀ ਦੇ ਮੋਢਿਆਂ ਉੱਤੇ ਹੋਵੇਗੀ।

 

ਗ਼ੌਰਤਲਬ ਹੈ ਕਿ ਐਤਵਾਰ ਨੂੰ ਇੱਕ ਹੋਰ ਹਫ਼ਤੇ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਜਧਾਨੀ ’ਚ ਲੌਕਡਾਊਨ ਲਾਉਣ ਨਾਲ ਕੋਰੋਨਾ ਦੀ ਰਫ਼ਤਾਰ ਥੋੜ੍ਹੀ ਘਟੀ ਹੈ। ਬੀਤੀ 26 ਅਪ੍ਰੈਲ ਦੇ ਬਾਅਦ ਤੋਂ ਕੋਰੋਨਾ ਦੇ ਕੇਸ ਘਟ ਹੋਣੇ ਸ਼ੁਰੂ ਹੋਏ ਹਨ ਤੇ ਪਿਛਲੇ ਇੱਕ-ਦੋ ਦਿਨਾਂ ਵਿੱਚ ਪੌਜ਼ੇਟੀਵਿਟੀ ਰੇਟ 35% ਤੋਂ ਘਟ ਕੇ 23% ਹੋ ਗਈ ਹੈ।