ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਕਰੋੜਾਂ ਰੁਪਏ ਲੋਕਾਂ ਵੱਲ ਬਕਾਇਆ ਹੈ। ਇਸ ਵਿੱਚ ਸਿਰਫ ਸਰਕਾਰੀ ਹੀ ਨਹੀਂ, ਪ੍ਰਾਈਵੇਟ ਖਪਤਕਾਰ ਵੀ ਸ਼ਾਮਲ ਹਨ। ਇਨ੍ਹਾਂ ਖਪਤਕਾਰਾਂ ਨੇ ਕਰੋੜਾਂ ਰੁਪਏ ਦੀ ਅਦਾਇਗੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਨਹੀਂ ਕੀਤੀ ਹੈ। ਪਿਛਲੇ ਵਿੱਤੀ ਸਾਲ ਦੇ ਅੰਤ ਵਿੱਚ ਪੀਐਸਪੀਸੀਐਲ ਦੀ ਡਿਫਾਲਟਿੰਗ ਰਕਮ 3,993 ਕਰੋੜ ਰੁਪਏ ਸੀ। ਇਹ ਵੱਖ-ਵੱਖ ਸੈਕਟਰਾਂ ਨੂੰ ਮੁਫਤ ਬਿਜਲੀ ਸਪਲਾਈ ਕਰਨ ਲਈ ਸਰਕਾਰ ਵੱਲੋਂ ਦਿੱਤੀ 5,500 ਕਰੋੜ ਰੁਪਏ ਦੀ ਸਬਸਿਡੀ ਰਕਮ ਤੋਂ ਵੱਖਰੀ ਹੈ।

ਹਾਸਲ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 3,993 ਕਰੋੜ ਰੁਪਏ ਵਿਚੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦਾ 2,140 ਕਰੋੜ ਰੁਪਏ ਦਾ ਬਕਾਇਆ ਹੈ, ਜਦੋਂਕਿ 1,853 ਕਰੋੜ ਰੁਪਏ ਹੋਰ ਖਪਤਕਾਰਾਂ ਤੋਂ ਬਕਾਇਆ ਹੈ। ਪੱਛਮੀ ਜ਼ੋਨ ਦਾ 1,305 ਕਰੋੜ ਬਕਾਇਆ ਹੈ ਜਿਸ ਵਿੱਚ ਸਰਕਾਰੀ ਵਿਭਾਗਾਂ ਦਾ 601 ਕਰੋੜ ਰੁਪਏ ਹੈ। ਸਰਹੱਦੀ ਖੇਤਰ ਵਿੱਚ ਇਹ ਅੰਕੜਾ 1,198 ਕਰੋੜ ਰੁਪਏ ਹੈ, ਜਿਸ ਵਿੱਚ ਸਰਕਾਰ ਵੱਲੋਂ 565 ਕਰੋੜ ਰੁਪਏ ਤੇ ਹੋਰ ਖਪਤਕਾਰਾਂ ਦਾ 633 ਕਰੋੜ ਰੁਪਏ ਸ਼ਾਮਲ ਹਨ। ਦੱਖਣ ਜ਼ੋਨ ਵਿੱਚ ਇਹ ਰਾਸ਼ੀ 798 ਕਰੋੜ ਰੁਪਏ ਹੈ, ਜਿਸ ਵਿੱਚ ਸਰਕਾਰੀ ਵਿਭਾਗਾਂ ਤੋਂ 595 ਕਰੋੜ ਰੁਪਏ ਸ਼ਾਮਲ ਹਨ।

ਪੀਐਸਪੀਸੀਐਲ ਮਤਾਬਕ ਬਹੁਤ ਸਾਰੇ ਲੋਕ ਬਕਾਏ ਦੀ ਅਦਾਇਗੀ ਕਰਨ ਦੀ ਬਜਾਏ ਕੋਰਟ ਪਹੁੰਚ ਗਏ ਹਨ।ਕੋਰਟ ਵਿੱਚ ਵੀ 4,700 ਸਿਵਲ ਕੇਸ ਪੈਂਡਿੰਗ ਪਏ ਹੋਏ ਹਨ। ਇਹ ਕੇਸ ਬਿੱਲ ਦੇ ਜੋੜ ਵਿੱਚ ਗੜਬੜੀ ਨੂੰ ਲੈ ਕੇ ਕੀਤੇ ਗਏ ਹਨ। ਮੌਜੂਦਾ ਅੰਕੜਿਆਂ ਮੁਤਾਬਿਕ ਸਭ ਤੋਂ ਵੱਧ ਕੇਸ ਲੁਧਿਆਣਾ ਵਿੱਚ ਕੀਤੇ ਗਏ ਹਨ। 13.5 ਲੱਖ ਕੁੱਲ੍ਹ ਡਿਫਾਲਟਿੰਗ ਖਪਤਕਾਰ ਹਨ ਜਿਨ੍ਹਾਂ ਨੇ 2,080 ਕਰੋੜ ਪਾਵਰ ਕਾਰਪੋਰੇਸ਼ਨ ਨੂੰ ਦੇਣਾ ਹੈ। ਇਸ ਵਿੱਚ ਵੀ 6000 ਖਪਤਕਾਰ ਉਹ ਹਨ ਜਿਨ੍ਹਾਂ ਨੇ 2 ਲੱਖ ਤੋਂ ਵੱਧ ਰਕਮ ਦੇਣੀ ਹੈ।

ਇਸ ਦੇ ਨਾਲ ਹੀ 9,700 ਖਪਤਕਾਰ ਅਜਿਹੇ ਹਨ ਜਿਨ੍ਹਾਂ ਨੇ 1-2 ਲੱਖ ਦੇਣਾ ਹੈ। 1.32 ਲੱਖ ਖਪਤਕਾਰ ਉਹ ਹਨ ਜਿਨ੍ਹਾਂ ਨੇ ਸਰਕਾਰ ਦਾ 25,000 ਤੋਂ 1 ਲੱਖ ਰੁਪਏ ਦਾ ਬਕਾਇਆ ਦੇਣਾ ਹੈ।ਇਸ ਤੋਂ ਇਲਾਵਾ ਬਾਕੀਆਂ ਨੇ 25,000 ਤੋਂ ਘੱਟ ਪੈਸੇ ਦਾ ਬਕਾਇਆ ਅਦਾ ਕਰਨਾ ਹੈ। ਪਿਛਲੇ ਸਾਲ PSPCL ਨੇ 3,291 ਕਰੋੜ ਰੁਪਏ ਰਿਕਵਰ ਕੀਤੇ ਸੀ, ਜਿਸ ਵਿੱਚ 1,074 ਕਰੋੜ ਸਰਕਾਰੀ ਵਿਭਾਗਾਂ ਤੋਂ ਤੇ 2,217 ਕਰੋੜ ਰੁਪਏ ਹੋਰ ਖਪਤਕਾਰਾਂ ਤੋਂ ਵਸੂਲੇ ਗਏ ਸੀ।