ਨਵੀਂ ਦਿੱਲੀ : ਨੋਟ ਬੰਦੀ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਅਲੀਗੜ੍ਹ ਦੇ ਨਹਰੈਲਾ ਪਿੰਡ ਦੇ ਰਹਿਣ ਵਾਲੇ ਪੂਰਨ ਸ਼ਰਮਾ ਨਾਮਕ ਵਿਅਕਤੀ ਨੇ ਨੋਟ ਬੰਦੀ ਕਾਰਨ ਪੈਸਿਆਂ ਦੀ ਹੋ ਰਹੀ ਤੰਗੀ ਦੇ ਚੱਲਦੇ ਹੋਏ ਆਪਣੀ ਨਸਬੰਦੀ ਕਰਵਾ ਲਈ।

ਅਸਲ ਵਿੱਚ ਸਰਕਾਰ ਜੰਨ ਸੰਖਿਆ ਉੱਤੇ ਕਾਬੂ ਪਾਉਣ ਲਈ ਨਸਬੰਦੀ ਨੂੰ ਵਧਾਵਾ ਦਿੰਦੀ ਹੈ। ਇਸ ਨੀਤੀ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ ਨਸਬੰਦੀ ਕਰਵਾਉਣ ਵਾਲੇ ਪੁਰਸ਼ ਨੂੰ 2000 ਰੁਪਏ ਅਤੇ ਮਹਿਲਾ ਨੂੰ 1400 ਰੁਪਏ ਦਿੱਤੇ ਜਾਂਦੇ ਹਨ। ਪੂਰਨ ਸ਼ਰਮਾ ਪੇਸ਼ੇ ਤੋਂ ਮਿਸਤਰੀ ਹੈ ਅਤੇ ਪਰਿਵਾਰ ਵਿੱਚ ਪਹਿਲਾਂ ਹੀ ਦੋ ਬੇਟੇ ਅਤੇ ਇੱਕ ਬੇਟੀ ਸੀ।

ਪੂਰਨ ਸ਼ਰਮਾ ਅਨੁਸਾਰ ਨੋਟ ਬੰਦੀ ਦੇ ਕਾਰਨ ਉਸ ਨੂੰ ਕਿਸੇ ਪਾਸੇ ਤੋਂ ਪੈਸੇ ਨਹੀਂ ਸਨ ਮਿਲ ਰਹੇ। ਜਿਸ ਕਾਰਨ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਗਿਆ। ਜਦੋਂ ਹਰ ਪਾਸੇ ਤੋਂ ਮੱਦਦ ਲਈ ਦਰਵਾਜ਼ੇ ਬੰਦ ਹੋ ਗਏ ਤਾਂ ਪੂਰਨ ਸ਼ਰਮਾ ਨੇ ਆਪਣੀ ਨਸਬੰਦੀ ਕਰਵਾਉਣ ਦਾ ਫ਼ੈਸਲਾ ਕਰ ਲਿਆ। ਪੂਰਨ ਸ਼ਰਮਾ ਪੈਸਿਆਂ ਲਈ ਆਪਣੀ ਅਤੇ ਪਤਨੀ ਦੀ ਨਸਬੰਦੀ ਕਰਵਾਉਣ ਲਈ ਸਰਕਾਰੀ ਹਸਪਤਾਲ ਪਹੁੰਚਿਆ।

ਹਸਪਤਾਲ ਵਾਲਿਆਂ ਨੇ ਪੂਰਨ ਦੀ ਨਸਬੰਦੀ ਤਾਂ ਕਰ ਦਿੱਤੀ ਪਰ ਉਸ ਦੀ ਪਤਨੀ ਦੀ ਨਹੀਂ ਕੀਤੀ ਕਿਉਂਕਿ ਉਹ ਬੋਲਣ ਅਤੇ ਸੁਣਨ ਤੋਂ ਅਸਮਰਥ ਹੈ।ਨਸਬੰਦੀ ਕਰਵਾਉਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਸਰਕਾਰੀ ਯੋਜਨਾ ਤਹਿਤ ਉਸ ਨੂੰ 2000 ਰੁਪਏ ਦੇ ਦਿੱਤੇ।