ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ 9 ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਪਾਰਟੀ ਨੇ ਕਈ ਉਮੀਦਵਾਰਾਂ ਦੇ ਹਲਕਿਆਂ ਵਿੱਚ ਤਬਦੀਲੀ ਕੀਤੀ ਹੈ ਤੇ ਕਈਆਂ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਵੱਲੋਂ ਪਹਿਲਾਂ ਹੀ 69 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ 78 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ 16 ਹਲਕਿਆਂ ਤੋਂ ਉਮੀਦਵਾਰ ਐਲਾਨਣੇ ਹੀ ਬਾਕੀ ਰਹਿ ਗਏ ਹਨ।
ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਸੇਵਾਮੁਕਤ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬਸੀ ਪਠਾਣਾਂ (ਰਾਖਵੇਂ) ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਭਦੌੜ (ਰਾਖਵੇਂ) ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਗਾਇਕ ਤੇ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਪਾਸੋਂ ਹਾਰ ਗਏ ਸਨ। ਅਕਾਲੀ ਆਗੂ ਜਗਦੀਪ ਸਿੰਘ ਨਕਈ ਨੂੰ ਮਾਨਸਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਮਾਲੇਰਕੋਟਲਾ, ਬੁਢਲਾਡਾ, ਮਾਨਸਾ, ਜੈਤੋਂ, ਸੁਨਾਮ ਅਤੇ ਦਿੜ੍ਹਬਾ ਹਲਕਿਆਂ ਤੋਂ ਨਵੇਂ ਚਿਹਰੇ ਮੈਦਾਨ ’ਚ ਲਿਆਂਦੇ ਹਨ। ਮਾਲੇਰਕੋਟਲਾ ਤੋਂ ਮੁਹੰਮਦ ਉਵੈਸ ਨੂੰ ਉਮੀਦਵਾਰ ਬਣਾਇਆ ਹੈ। ਇਸ ਹਲਕੇ ਦੀ ਵਿਧਾਇਕ ਐਫ. ਨਿਸਾਰਾ ਖਾਤੂਨ ਨੇ ਕੁਝ ਦਿਨ ਪਹਿਲਾਂ ਹੀ ਰਾਜਨੀਤੀ ਤੋਂ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਸੀ। ਅਕਾਲੀ ਆਗੂ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਸੂਬਾ ਸਿੰਘ ਬਾਦਲ ਨੂੰ ਜੈਤੋਂ (ਰਾਖਵੇਂ) ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਤੀਰਥ ਸਿੰਘ ਮਾਹਲਾ ਨੂੰ ਬਾਘਾ ਪੁਰਾਣਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ।
ਮਸ਼ਹੂਰ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਨੂੰ ਦਿੜ੍ਹਬਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੂੰ ਧੂਰੀ ਤੋਂ ਤਬਦੀਲ ਕਰ ਕੇ ਸੁਨਾਮ ਤੋਂ ਚੋਣ ਲੜਾਈ ਜਾਵੇਗੀ। ਵਿਧਾਇਕ ਮਹਿੰਦਰ ਕੌਰ ਜੋਸ਼ ਨੂੰ ਸ਼ਾਮ ਚੁਰਾਸੀ ਅਤੇ ਡਾ. ਨਿਸ਼ਾਨ ਸਿੰਘ ਨੂੰ ਬੁਢਲਾਡਾ (ਰਾਖਵੇਂ) ਹਲਕਿਆਂ ਤੋਂ ਉਮੀਦਵਾਰ ਐਲਾਨਿਆ ਹੈ।