ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਨਵਜੋਤ ਸਿੱਧੂ ਵਲੋਂ ਦਿੱਤੇ ਅਸਤੀਫੇ 'ਤੇ ਕਿਹਾ ਕਿ ਅਸੀਂ ਸਰਕਾਰ ਚਲਾਉਣੀ ਹੈ। ਇਹ ਸਮਾਂ ਸਰਕਾਰ ਚਲਾਉਣ ਦਾ ਹੈ ਨਾ ਕਿ ਅਸਤੀਫਾ ਦੇਣ ਦਾ। ਜੇ ਕੋਈ ਸਮੱਸਿਆ ਹੈ, ਤਾਂ ਸਾਰੇ ਲੋਕਾਂ ਨੂੰ ਬੁਲਾ ਕੇ ਅਤੇ ਮੰਤਰੀਆਂ ਨੂੰ ਬੁਲਾ ਕੇ ਇਸਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਨਵਜੋਤ ਸਿੱਧੂ,  ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਗੱਲ ਕਰਦੇ। ਜਦੋਂ ਤੁਸੀਂ ਨਿੱਜੀ ਤੌਰ 'ਤੇ ਅਜਿਹੇ ਫੈਸਲੇ ਲੈਂਦੇ ਹੋ, ਤਾਂ ਪਾਰਟੀ ਨੂੰ ਇਸਦਾ ਨੁਕਸਾਨ ਹੁੰਦਾ ਹੈ। ਜੇ ਤੁਹਾਨੂੰ ਕੋਈ ਸਮੱਸਿਆ ਹੈ, ਤਾਂ ਆਪਣੀ ਪਾਰਟੀ ਦੇ ਲੋਕਾਂ ਨੂੰ ਦੱਸੋ ਅਤੇ ਮਿਲ ਕੇ ਕੁਝ ਹੱਲ ਕਰੋ। 


 


ਗੁਰਜੀਤ ਔਜਲਾ ਨੇ ਕਿਹਾ ਅਜਿਹੇ ਕਦਮ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਭ ਕੁਝ ਮੇਰੇ ਅਨੁਸਾਰ ਨਹੀਂ ਹੁੰਦਾ। ਕੁਝ ਚੀਜ਼ਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪੰਜਾਬ ਦੇ ਸੀਨੀਅਰ ਲੀਡਰਾਂ ਨਾਲ ਬੈਠੋ ਅਤੇ ਗੱਲ ਕਰੋ। ਇਸ ਤਰੀਕੇ ਨਾਲ ਸਿੱਧੂ ਦਾ ਅਸਤੀਫਾ ਦੇਣਾ ਸਹੀ ਨਹੀਂ ਹੈ। ਹਾਈਕਮਾਨ ਨੇ ਉਨ੍ਹਾਂ ਨੂੰ ਮੌਕਾ ਦਿੱਤਾ, ਇਸ ਤਰੀਕੇ ਨਾਲ ਅਸਤੀਫਾ ਦੇਣਾ ਪਾਰਟੀ ਦਾ ਅਕਸ ਖਰਾਬ ਕਰਦਾ ਹੈ। ਉਨ੍ਹਾਂ ਕਿਹਾ ਜੇ ਰਵਨੀਤ ਬਿੱਟੂ ਨੂੰ ਕਾਂਗਰਸ ਦਾ ਪੰਜਾਬ ਪ੍ਰਧਾਨ ਬਣਾਇਆ ਜਾਂਦਾ ਹੈ, ਤਾਂ ਮੈਂ ਉਨ੍ਹਾਂ ਦਾ ਸਵਾਗਤ ਕਰਾਂਗਾ। ਉਨ੍ਹਾਂ ਨੇ ਕਿਸਾਨਾਂ ਲਈ ਧਰਨਾ ਦਿੱਤਾ ਤੇ ਬਹੁਤ ਮਿਹਨਤ ਕੀਤੀ ਹੈ। 


 


ਤੁਹਾਨੂੰ ਦਸ ਦਈਏ ਕਿ ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਹਾਈਕਮਾਨ ਵੱਡਾ ਐਕਸਨ ਲੈ ਸਕਦੀ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਸਿੱਧੂ ਦੇ ਅਸਤੀਫੇ ਤੋਂ ਨਾਰਾਜ਼ ਹੈ। ਪਾਰਟੀ ਸਿੱਧੂ ਨੂੰ ਲੈ ਕੇ ਸਖਤ ਸਟੈਂਡ ਲੈ ਸਕਦੀ ਹੈ। ਅਸਤੀਫੇ ਮਗਰੋਂ ਪਾਰਟੀ ਲੀਡਰਸ਼ਿਪ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ।


 


ਹਾਲਾਂਕਿ ਸਿੱਧੂ ਦਾ ਅਸਤੀਫਾ ਹੁਣ ਤੱਕ ਸਵੀਕਾਰ ਨਹੀਂ ਕੀਤਾ ਗਿਆ। ਪਾਰਟੀ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਹੈ, ਪਰ ਜੇਕਰ ਉਹ ਸਹਿਮਤ ਨਹੀਂ ਹੋਏ ਤਾਂ ਸਖਤ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਮੰਤਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਨਹੀਂ ਆਉਣਗੇ।


 


ਦੱਸ ਦਈਏ ਕਿ ਨਵਜੋਤ ਸਿੱਧੂ ਅਚਾਨਕ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪਾਰਟੀ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਨਵਜੋਤ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ, ਉੱਥੇ ਹੀ ਹਾਈਕਮਾਨ ਵੀ ਬੇਹੱਦ ਨਿਮੋਸ਼ੀ ਮਹਿਸੂਸ ਕਰ ਰਹੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਇਸ ਕਲੇਸ਼ ਤੋਂ ਇੰਨਾ ਅੱਕ ਚੁੱਕੀ ਹੈ ਕਿ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਆਪੇ ਹੀ ਮਸਲਾ ਹੱਲ ਕਰਨ ਲਈ ਕਹਿ ਦਿੱਤਾ ਹੈ।