ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਬਾਬਰ ਨੇ ਪਾਕਿਸਤਾਨ ਦੀ ਪੋਲ ਕੈਮਰੇ 'ਤੇ ਉਜਾਗਰ ਕਰ ਦਿੱਤਾ ਹੈ। ਆਪਣੇ ਇਕਬਾਲੀਆ ਬਿਆਨ ਵਿੱਚ ਬਾਬਰ ਨੇ ਕਿਹਾ ਕਿ ਉਸਨੂੰ ਉਰੀ ਵਰਗੇ ਹਮਲੇ ਲਈ ਭੇਜਿਆ ਗਿਆ ਸੀ ਤੇ ਪਾਕਿਸਤਾਨੀ ਫੌਜ ਦੁਆਰਾ ਸਿਖਲਾਈ ਦਿੱਤੀ ਗਈ ਸੀ। ਬਾਬਰ ਨੇ ਕਿਹਾ ਕਿ 9 ਅੱਤਵਾਦੀਆਂ ਨੂੰ ਪਾਕਿਸਤਾਨ ਵਿੱਚ 3 ਹਫਤਿਆਂ ਦੀ ਸਿਖਲਾਈ ਦਿੱਤੀ ਸੀ।

ਬਾਬਰ ਨੇ ਅੱਗੇ ਦੱਸਿਆ ਹੈ ਕਿ ISI ਨੇ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋਣ ਲਈ 20 ਹਜ਼ਾਰ ਦਿੱਤੇ ਸਨ। ISI ਅਤੇ ਲਸ਼ਕਰ ਦੇ ਅੱਤਵਾਦੀ ਦੀ ਮੁਲਾਕਾਤ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਹੋਈ ਸੀ। ਬਾਬਰ ਨੇ ਦੱਸਿਆ ਕਿ ਲਸ਼ਕਰ ਅਨਾਥਾਂ ਅਤੇ ਗਰੀਬਾਂ ਨੂੰ ਜਿਹਾਦ ਲਈ ਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਕਸ਼ਮੀਰੀਆਂ 'ਤੇ ਜ਼ੁਲਮ ਹੋ ਰਹੇ ਹਨ, ਇੱਥੇ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ।



ਗ੍ਰਿਫਤਾਰ ਅੱਤਵਾਦੀ ਨੇ ਕਿਹਾ, ''ਮੈਂ ਪਾਕਿਸਤਾਨ ਫੌਜ ਤੇ ਆਈਐਸਆਈ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਵਾਪਸ ਬੁਲਾਓ। ਭਾਰਤੀ ਫੌਜ ਵਿੱਚ ਮੇਰੇ ਨਾਲ ਚੰਗਾ ਸਲੂਕ ਕੀਤਾ। ਮੇਰੇ ਉਤੇ ਕੋਈ ਜ਼ੁਲਮ ਨਹੀਂ ਕੀਤਾ।”

ਬਾਬਰ ਦੀ ਗ੍ਰਿਫਤਾਰੀ 'ਤੇ ਫੌਜ ਨੇ ਕੱਲ ਪ੍ਰੈੱਸ ਕਾਨਫਰੰਸ ਕਰਕੇ ਵਿਸਥਾਰਤ ਜਾਣਕਾਰੀ ਦਿੱਤੀ ਸੀ। ਮੇਜਰ ਜਨਰਲ ਵਰਿੰਦਰ ਵੱਤਸ ਨੇ ਦੱਸਿਆ ਕਿ ਅੱਜ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਦਾ ਨਾਮ ਅਲੀ ਬਾਬਰ ਪਾਤਰਾ ਹੈ। ਇਸਦੀ ਉਮਰ ਸਿਰਫ 19 ਸਾਲ ਹੈ। ਅਲੀ ਬਾਬਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਜਿਸਨੇ ਪਾਕਿਸਤਾਨ ਵਿੱਚ ਕਰੀਬ ਤਿੰਨ ਮਹੀਨੇ ਦੀ ਅੱਤਵਾਦੀ ਸਿਖਲਾਈ ਲਈ ਹੈ। ਅੱਤਵਾਦੀਆਂ ਦੀ ਘੁਸਪੈਠ ਦਾ ਮਕਸਦ 2016 ਦੇ ਉੜੀ ਵਰਗੇ ਵੱਡੇ ਹਮਲੇ ਨੂੰ ਅੰਜਾਮ ਦੇਣਾ ਸੀ।

ਮੇਜਰ ਜਨਰਲ ਵਰਿੰਦਰ ਵਤਸ ਨੇ ਦੱਸਿਆ ਕਿ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਨੌਂ ਦਿਨਾਂ ਤੱਕ ਚੱਲਿਆ। ਇਹ ਕਾਰਵਾਈ ਉਸ ਸਮੇਂ ਸ਼ੁਰੂ ਕੀਤੀ ਗਈ ਸੀ ਜਦੋਂ 18 ਸਤੰਬਰ ਨੂੰ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਸ਼ੁਰੂ ਹੋਈ ਸੀ। ਕੁੱਲ ਛੇ ਅੱਤਵਾਦੀ ਸਨ, ਚਾਰ ਪਾਕਿਸਤਾਨ ਵਾਪਸ ਭੱਜ ਗਏ। ਬਾਕੀ ਦੇ ਦੋ ਅੱਤਵਾਦੀ 25 ਸਤੰਬਰ ਨੂੰ ਇੱਕ ਨਾਲੇ ਵਿੱਚ ਲੁਕ ਗਏ ਸਨ। ਇੱਕ ਅੱਤਵਾਦੀ 26 ਨੂੰ ਮਾਰਿਆ ਗਿਆ ਸੀ। ਦੂਜੇ ਅੱਤਵਾਦੀ ਨੇ ਆਤਮ ਸਮਰਪਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਮੇਜਰ ਵੱਤਸ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਨੇ ਪਾਕਿਸਤਾਨ ਵਿੱਚ ਤਿੰਨ ਮਹੀਨੇ ਦੀ ਸਿਖਲਾਈ ਲਈ ਹੈ।