ਯਾਦਵਿੰਦਰ ਸਿੰਘ ਚੰਡੀਗੜ੍ਹ: "ਨਵਜੋਤ ਸਿੱਧੂ ਨੇ ਅਨੁਸ਼ਾਸ਼ਨ ਭੰਗ ਕੀਤਾ ਹੈ ਜਾਂ ਨਹੀਂ ਇਹ ਹਾਈਕਮਾਨ ਦੇਖੇਗੀ। ਸਿੱਧੂ ਨੂੰ ਮੀਟਿੰਗ ਦਾ ਬਕਾਇਦਾ ਸੱਦਾ ਪੱਤਰ ਭੇਜਿਆ ਗਿਆ ਸੀ ਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਜਾਂ ਰਾਹੁਲ ਗਾਂਧੀ ਨੂੰ ਕਦੇ ਨਹੀਂ ਕਿਹਾ ਕਿ ਮੈਂ ਆਪਣਾ ਮੇਅਰ ਬਣਾਉਣਾ। ਉਨ੍ਹਾਂ ਖ਼ੁਦ ਕੈਪਟਨ ਨੂੰ ਸਾਰੇ ਅਧਿਕਾਰ ਦਿੱਤੇ ਸੀ ਤੇ ਕੈਪਟਨ ਨੇ ਫੈਸਲਾ ਲਿਆ।" ਪੰਜਾਬ ਦੇ ਪੰਚਾਇਤ ਮੰਤਰੀ ਤੇ ਅੰਮ੍ਰਿਤਸਰ ਮੇਅਰ ਚੋਣ ਦੇ ਇੰਚਾਰਜ ਤ੍ਰਿਪਤ ਰਜਿੰਦਰ ਬਾਜਵਾ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਅਕਤੀਗਤ ਤੌਰ 'ਤੇ ਸਿੱਧੂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਉਹ ਉਨ੍ਹਾਂ ਦੇ ਸਨਮਾਨਿਤ ਸਾਥੀ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਹੈ ਕਿ ਤਹਾਨੂੰ ਨਹੀਂ ਲੱਗਦਾ ਕਿ ਸਿੱਧੂ ਨੂੰ ਇਸ ਮਾਮਲੇ 'ਤੇ ਮੀਡੀਆ 'ਚ ਨਹੀਂ ਆਉਣਾ ਚਾਹੀਦਾ ਸੀ? ਇਸ ਬਾਰੇ ਉਨ੍ਹਾਂ ਕਿਹਾ ਸਿੱਧੂ ਖ਼ੁਦ ਬਹੁਤ ਸਿਆਣੇ ਹਨ। ਉਹ ਸਿੱਧੂ ਨੂੰ ਰਾਇ ਦੇਣ ਵਾਲੇ ਕੌਣ ਹਨ? ਉਨ੍ਹਾਂ ਕਿਹਾ ਕਿ ਵੈਸੇ ਸਿੱਧੂ ਹੁਣ ਖ਼ੁਸ਼ ਹਨ ਤੇ ਉਨ੍ਹਾਂ ਦੀ ਸਰਕਾਰ ਤੇ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ। ਇਹ ਸਿਰਫ਼ ਮੀਡੀਆ ਦੀਆਂ ਕਿਆਸ ਅਰਾਈਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਸਰਕਾਰ ਖ਼ਿਲਾਫ ਕਿਉਂ ਬੋਲ ਰਹੇ ਹਨ ਤਾਂ ਉਨ੍ਹਾਂ ਕਿਹਾ, "ਮੈਂ ਬਾਜਵਾ ਦੀ ਕੋਈ ਖ਼ਬਰ ਨਹੀਂ ਪੜ੍ਹੀ।" ਉਨ੍ਹਾਂ ਕਿਹਾ, "ਮੈਂ ਅੰਗਰੇਜ਼ੀ ਅਖ਼ਬਾਰ ਨਹੀਂ ਪੜ੍ਹਦਾ ਹਾਂ।" ਉਨ੍ਹਾਂ ਕਿਹਾ ਕਿ ਬਾਜਵਾ ਦੇ ਅਸਤੀਫੇ ਦਾ ਕੋਈ ਅਸਰ ਨਹੀਂ ਹੋਇਆ। ਜੇ ਉਨ੍ਹਾਂ ਅਸਤੀਫਾ ਦੇਣਾ ਸੀ ਤਾਂ ਉਹ ਰਾਜ ਸਭਾ ਦੇ ਮੁਖੀ ਨੂੰ ਦਿੰਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਥਾਪੜੇ ਨਾਲ ਹੀ ਮੁੱਖ ਮੰਤਰੀ ਬਣੇ ਹਨ। ਉਹ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰ ਰਹੇ ਹਨ ਤੇ ਸਰਕਾਰ 'ਚ ਕੋਈ ਵਿਵਾਦ ਨਹੀਂ।