ਚੰਡੀਗੜ੍ਹ: ਸੂਬੇ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਅੱਜ ਸੂਬੇ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਟੈਸਟ ਕੀਤਾ ਗਿਆ ਜਿਨ੍ਹਾਂ ਚੋਂ ਕੁਝ ਦੀ ਰਿਪੋਰਟ ਪੌਜ਼ੇਟਿਵ ਆਉਣ ਨਾਲ ਪ੍ਰਸਾਸ਼ਨ ਦੀ ਚਿੰਤਾ ਵਧ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਸ਼ਹਿਰ ਵਿੱਚ ਹੁਣ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਹੋਏ ਤਾਜ਼ਾ ਵਾਧੇ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਕੁਝ ਦਿਨ ਪਹਿਲਾਂ ਸਥਿਤੀ ਕਾਬੂ ‘ਚ ਆਈ ਸੀ ਪਰ ਇੱਕ ਵਾਰ ਫੇਰ ਚੰਡੀਗੜ੍ਹ ਪ੍ਰਸ਼ਾਸਨ ਵਧੇਰੇ ਸਖ਼ਤੀ ਕਰਨ ਲਈ ਮਜਬੂਰ ਹੋ ਗਿਆ ਹੈ। ਸੋਮਵਾਰ ਸ਼ਾਮ ਤੱਕ ਕੋਰੋਨਾ ਵਾਇਰਸ ਦੇ 5 ਹੋਰ ਨਵੇਂ ਮਰੀਜ਼ ਸਾਹਮਣੇ ਆਏ। ਦੱਸ ਦਈਏ ਕਿ ਸੋਮਵਾਰ ਸ਼ਾਮ ਨਵੇਂ ਮਰੀਜਾਂ ‘ਚ 27 ਸਾਲਾ ਮਹਿਲਾ ਡਾਕਟਰ, 28 ਸਾਲਾ ਰਾਮ ਦਰਬਾਰ ਨਿਵਾਸੀ ਪੁਰਸ਼, 19 ਸਾਲਾ ਸੈਕਟਰ 52 ਨਿਵਾਸੀ ਲੜਕੀ, 41 ਸਾਲਾ ਸੈਕਟਰ 30 ਨਿਵਾਸੀ ਪੁਰਸ਼, 65 ਸਾਲਾ ਸੈਕਟਰ 30 ਵਾਸੀ ਔਰਤ ਸ਼ਾਮਲ ਹੈ।

ਚੰਡੀਗੜ੍ਹ ਵਿੱਚ ਇੱਕੋ ਦਿਨ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੇ ਮਿਲਣ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ। ਜਿਸ ‘ਚ ਠੀਕ ਹੋਏ ਕੇਸ 17 ਅਤੇ ਐਕਟਿਵ ਕੇਸ 28 ਹਨ।