ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜੇ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਇਸ ਦੌਰਾਨ SBI ਰਿਸਰਚ ਦੀ ਰਿਪੋਰਟ 'ਚ ਅਗਸਤ ਵਿੱਚ ਤੀਜੀ ਲਹਿਰ ਆਉਣ ਦਾ ਦਾਅਵਾ ਕੀਤਾ ਗਿਆ ਹੈ। 'ਕੋਵਿਡ-19: ਦ ਰੇਸ ਟੂ ਫਿਨਿਸ਼ਿੰਗ ਲਾਈਨ' ਦੇ ਨਾਂ ਹੇਠ ਪ੍ਰਕਾਸ਼ਿਤ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਪੀਕ ਸਤੰਬਰ 'ਚ ਆਵੇਗਾ।

ਕੋਰੋਨਾ ਦੀ ਸਥਿਤੀ ਬਾਰੇ SBI ਖੋਜ ਰਿਪੋਰਟ 'ਚ ਇਹ ਕਿਹਾ ਗਿਆ ਸੀ ਕਿ ਦੂਜੀ ਲਹਿਰ ਦਾ ਪੀਕ ਮਈ ਦੇ ਤੀਜੇ ਹਫ਼ਤੇ 'ਚ ਆਵੇਗਾ। ਜਦਕਿ 6 ਮਈ ਨੂੰ ਭਾਰਤ 'ਚ ਲਾਗ ਦੇ ਲਗਪਗ 4,14,000 ਨਵੇਂ ਕੇਸ ਸਾਹਮਣੇ ਆਏ ਸਨ। ਮਹਾਂਮਾਰੀ ਦੌਰਾਨ ਇਹ ਇੱਕ ਦਿਨ 'ਚ ਲਾਗ ਦੀ ਸਭ ਤੋਂ ਵੱਧ ਗਿਣਤੀ ਸੀ। ਇਸ ਦੌਰਾਨ ਦਿੱਲੀ, ਮਹਾਰਾਸ਼ਟਰ ਤੇ ਕੇਰਲ ਵਰਗੇ ਵੱਡੇ ਸੂਬਿਆਂ 'ਚ ਹਾਲਾਤ ਬਹੁਤ ਖਰਾਬ ਹੋ ਗਏ ਸਨ। ਰਿਪੋਰਟ ਅਨੁਸਾਰ ਤੀਜੀ ਲਹਿਰ ਦਾ ਪੀਕ ਦੂਜੀ ਲਹਿਰ ਦੇ ਪੀਕ ਤੋਂ ਦੁੱਗਣਾ ਜਾਂ 1.7 ਗੁਣਾ ਵੱਧ ਹੋਵੇਗਾ।

ਅਗਸਤ ਦੇ ਦੂਜੇ ਪੰਦਰਵਾੜੇ ਤੋਂ ਨਵੇਂ ਕੇਸ ਵਧਣਗੇ
ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਜੂਦਾ ਅੰਕੜਿਆਂ ਦੇ ਅਨੁਸਾਰ ਜੁਲਾਈ ਦੇ ਦੂਜੇ ਹਫ਼ਤੇ ਤਕ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 10 ਹਜ਼ਾਰ ਹੋ ਜਾਵੇਗੀ। ਇਹ ਅਗਸਤ ਦੇ ਦੂਜੇ ਪੰਦਰਵਾੜੇ ਤੋਂ ਫਿਰ ਵਧਣੀ ਸ਼ੁਰੂ ਹੋ ਜਾਵੇਗੀ। ਐਤਵਾਰ ਨੂੰ ਦੇਸ਼ 'ਚ 40,111 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ 42,322 ਲੋਕ ਵੀ ਠੀਕ ਹੋਏ।

ਕੋਰੋਨਾ ਤੋਂ ਮੌਤ ਦੇ ਕੇਸਾਂ 'ਚ ਗਿਰਾਵਟ
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਭਾਵੇਂ ਘੱਟ ਹੋ ਗਿਆ ਹੈ, ਪਰ ਹਾਲੇ ਵੀ ਜਾਰੀ ਹੈ। ਹਰ ਰੋਜ਼ ਸੈਂਕੜੇ ਲੋਕ ਵਾਇਰਸ ਦੀ ਲਾਗ ਕਾਰਨ ਆਪਣੀ ਜਾਨ ਗੁਆ ਰਹੇ ਹਨ। ਐਤਵਾਰ ਨੂੰ 725 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ। ਹਾਲਾਂਕਿ ਇਹ ਅੰਕੜਾ 88 ਦਿਨਾਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ 684 ਲੋਕਾਂ ਦੀ ਮੌਤ ਹੋਈ ਸੀ।

ਐਤਵਾਰ ਨੂੰ ਦੇਸ਼ ਦੇ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 10 ਤੋਂ ਘੱਟ ਲੋਕਾਂ ਦੀ ਮੌਤ ਹੋਈ ਸੀ। ਮਤਲਬ ਇੱਥੇ ਮੌਤਾਂ ਦੀ ਗਿਣਤੀ 10 ਤੋਂ ਘੱਟ ਸੀ। ਉੱਥੇ ਹੀ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਕਾਰਨ ਇਕ ਵੀ ਮੌਤ ਨਹੀਂ ਹੋਈ।

ਤੀਜੀ ਲਹਿਰ ਦੇ ਅਕਤੂਬਰ-ਨਵੰਬਰ ਤਕ ਆਉਣ ਦੀ ਉਮੀਦ
ਡਿਪਾਰਟਮੈਂਟ ਆਫ਼ ਸਾਇੰਸ ਅਤੇ ਟੈਕਨੋਲਾਜੀ ਵਿਭਾਗ ਨੇ ਪਿਛਲੇ ਸਾਲ ਕੋਰੋਨਾ ਲਾਗ ਦੇ ਕੇਸਾਂ ਦਾ ਅਨੁਮਾਨ ਲਗਾਉਣ ਲਈ ਇਕ ਪੈਨਲ ਦਾ ਗਠਨ ਕੀਤਾ ਸੀ। ਇਹ ਪੈਨਲ ਮੈਥੇਮੈਟਿਕਲ ਮਾਡਲਾਂ ਰਾਹੀਂ ਅਨੁਮਾਨ ਲਗਾਉਂਦਾ ਹੈ। ਹੁਣ ਕੋਰੋਨਾ ਦੀ ਤੀਜੀ ਲਹਿਰ 'ਤੇ ਪੈਨਲ ਦਾ ਮੰਨਣਾ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਸਹੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਆਪਣੇ ਸਿਖਰ 'ਤੇ ਹੋ ਸਕਦੀ ਹੈ। ਹਾਲਾਂਕਿ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ  ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ 'ਚ ਹਰ ਰੋਜ਼ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਅੱਧੀ ਹੋ ਸਕਦੀ ਹੈ।