ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਨਿਰਭਯਾ ਗੈਂਗਰੇਪ ਅਤੇ ਕਤਲ ਕੇਸ 'ਚ ਮੌਤ ਦੀ ਸਜ਼ਾ ਸੁਣਾਈ ਗਈ ਚਾਰ ਦੋਸ਼ੀਆਂ ਚੋਂ ਇੱਕ ਪਵਨ ਗੁਪਤਾ ਨੂੰ ਬੁੱਧਵਾਰ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਦੋਸ਼ੀ ਪਵਨ ਨੇ ਕਿਹਾ ਸੀ ਕਿ ਉਸ ਕੋਲ ਵਕੀਲ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਇਹ ਪੇਸ਼ਕਸ਼ ਕੀਤੀ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਪਵਨ ਵੱਲੋਂ ਦੇਰੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸਨੇ ਆਪਣੇ ਪਹਿਲੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਹੁਣ ਨਵਾਂ ਵਕੀਲ ਲੈਣ ਲਈ ਸਮੇਂ ਦੀ ਜ਼ਰੂਰਤ ਹੈ।


ਨਿਰਭਯਾ ਦੇ ਮਾਪਿਆਂ ਅਤੇ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਅਦਾਲਤ 'ਚ ਦੋਸ਼ੀਆਂ ਖਿਲਾਫ ਨਵਾਂ ਮੌਤ ਦਾ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ ਸੀ। ਪਵਨ ਗੁਪਤਾ, ਵਿਨੈ ਕੁਮਾਰ ਸ਼ਰਮਾ, ਅਕਸ਼ੈ ਕੁਮਾਰ ਅਤੇ ਮੁਕੇਸ਼ ਕੁਮਾਰ ਸਿੰਘ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਸੀ। ਦੂਜੀ ਵਾਰ ਮੌਤ ਦਾ ਵਾਰੰਟ ਮੁਲਤਵੀ ਕਰ ਦਿੱਤਾ ਗਿਆ।


ਇਸ ਦੌਰਾਨ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਚਾਰਾਂ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਣ 'ਚ ਦੇਰੀ ਨੂੰ ਲੈ ਕੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ, "ਜੱਜ ਦੋਸ਼ੀਆਂ ਨੂੰ ਫਾਂਸੀ ਦੀ ਤਰੀਕ ਤੈਅ ਨਹੀਂ ਕਰਨਾ ਚਾਹੁੰਦਾ ਅਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਮੈਂ ਸੁਪਰੀਮ ਕੋਰਟ ਨੂੰ ਮੌਤ ਦਾ ਵਾਰੰਟ ਜਾਰੀ ਕਰਨ ਦੀ ਅਪੀਲ ਕਰਦੀ ਹਾਂ ਕਿਉਂਕਿ ਪਟਿਆਲਾ ਹਾਸ ਕੋਰਟ ਨਵੇਂ ਮੌਤ ਵਾਰੰਟ ਜਾਰੀ ਕਰਨ ਦੇ ਮੂਡ 'ਚ ਨਹੀਂ ਹੈ।"