ਨਵੀਂ ਦਿੱਲੀ: ਨਿਰਭਯਾ ਗੈਂਗਰੇਪ ਕੇਸ ਦੇ ਦੋਸ਼ੀ ਮੁਕੇਸ਼ ਸਿੰਘ ਵੱਲੋਂ ਸੁਪਰੀਮ ਕੋਰਟ 'ਚ ਪੇਸ਼ ਵਕੀਲ ਅੰਜਨਾ ਪ੍ਰਕਾਸ਼ ਨੇ ਕਿਹਾ ਕਿ ਮੁਕੇਸ਼ ਦਾ ਜੇਲ੍ਹ 'ਚ ਜਿਨਸੀ ਸ਼ੋਸ਼ਣ ਹੋਇਆ ਸੀ। ਉਸ ਸਮੇਂ ਜੇਲ੍ਹ ਅਧਿਕਾਰੀ ਮੌਜੂਦ ਸੀ, ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ।

ਵਕੀਲ ਅੰਜਨਾ ਪ੍ਰਕਾਸ਼ ਵੱਲੋਂ ਸੁਪਰੀਮ ਕੋਰਟ 'ਚ ਬਹਿਸ ਦੌਰਾਨ ਕਿਹਾ ਗਿਆ ਕਿ ਮੁਕੇਸ਼ ਨੂੰ ਉਸ ਸਮੇਂ ਹਸਪਤਾਲ ਨਹੀਂ ਲਿਜਾਇਆ ਗਿਆ ਸੀ। ਬਾਅਦ 'ਚ ਉਸ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਮੁਕੇਸ਼ ਦੇ ਵਕੀਲ ਨੇ ਅੱਗੇ ਕਿਹਾ, ਮੈਡੀਕਲ ਰਿਪੋਰਟ ਕਿੱਥੇ ਹੈ? ਫਿਲਹਾਲ ਅਦਾਲਤ ਇਸ ਮਾਮਲੇ 'ਚ ਕੱਲ੍ਹ ਆਪਣਾ ਫੈਸਲਾ ਦੇ ਸਕਦੀ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਰਹਿਮ ਦੀ ਅਪੀਲ ਨੂੰ ਖਾਰਜ ਕਰਨ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ ਵਿੱਚ ਮੁਕੇਸ਼ ਨੇ ਮੌਤ ਦੀ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਕੇਸ ਦੀ ਸੁਣਵਾਈ ਤਿੰਨ ਜੱਜਾਂ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਬੈਂਚ 'ਚ ਜਸਟਿਸ ਆਰ ਭਾਨੂਮਾਥੀ, ਜਸਟਿਸ ਏ ਐਸ ਬੋਪੰਨਾ ਤੇ ਜਸਟਿਸ ਅਸ਼ੋਕ ਭੂਸ਼ਣ ਸ਼ਾਮਲ ਹਨ।

ਮੁਕੇਸ਼ ਨੇ ਅਦਾਲਤ 'ਚ ਪੇਸ਼ ਕੀਤੇ ਆਪਣੇ ਹਲਫਨਾਮੇ 'ਚ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਬਲਾਤਕਾਰ ਨਹੀਂ ਕੀਤਾ, ਉਹ ਘਟਨਾ ਸਮੇਂ ਮੌਕੇ ‘ਤੇ ਮੌਜੂਦ ਸੀ। ਸੁਣਵਾਈ ਦੌਰਾਨ ਮੁਕੇਸ਼ ਲਈ ਪੇਸ਼ ਵਕੀਲ ਅੰਜਨਾ ਪ੍ਰਕਾਸ਼ ਨੇ ਕਿਹਾ ਕਿ ਰਹਿਮ ਦੀ ਪਟੀਸ਼ਨ 14 ਜਨਵਰੀ ਨੂੰ ਦਾਇਰ ਕੀਤੀ ਗਈ ਤੇ ਫੈਸਲਾ 17 ਜਨਵਰੀ ਨੂੰ ਆ ਗਿਆ। ਉਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਕੋਵਿੰਦ ਨੇ ਆਪਣੀ ਰਹਿਮ ਦੀ ਅਪੀਲ ਦਾ ਨਿਬੇੜਾ ਕਰਨ 'ਚ ਲਾਪ੍ਰਵਾਹੀ ਕੀਤੀ। ਰਾਸ਼ਟਰਪਤੀ ਦੇ ਫੈਸਲੇ ਦੀ ਨਿਆਂਇਕ ਤੌਰ ਤੇ ਵੀ ਸਮੀਖਿਆ ਕੀਤੀ ਜਾ ਸਕਦੀ ਹੈ।