ਬਠਿੰਡਾ: ਬਠਿੰਡਾ ਵਿੱਚ ਦੇਰ ਰਾਤ ਹੋਏ ਹਾਦਸੇ 'ਚ ਦਰਜਨ ਦੇ ਕਰੀਬ ਜ਼ਖਮੀ ਹੋਏ ਕਿਸਾਨਾਂ ਦਾ ਹਾਲ ਜਾਣਨ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਿਵਲ ਹਸਪਤਾਲ ਬਠਿੰਡਾ ਪਹੁੰਚੇ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਸੁਨੀਲ ਜਾਖੜ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭੇਜਿਆ ਹੈ ਤੇ ਕਿਹਾ ਹੈ ਕਿ ਸਰਕਾਰ ਪਰਿਵਾਰ ਦੀ ਹਰ ਮਦਦ ਕਰੇਗੀ।


ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਸ਼ਹੀਦ ਹੋਏ ਕਿਸਾਨ ਦੀ ਮੌਤ ਲਈ ਸਿੱਧੇ ਤੌਰ 'ਤੇ ਕਾਲਾ ਕਾਨੂੰਨ ਜ਼ਿੰਮੇਵਾਰ ਹੈ। ਜੋ ਲੋਕ ਇਹ ਕਾਲਾ ਕਾਨੂੰਨ ਲੈ ਕੇ ਆਏ ਹਨ, ਉਹ ਇਸ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਦੋਗਲੀ ਆਵਾਜ਼ ਨਾਲ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਇਹ ਕਾਲਾ ਕਾਨੂੰਨ ਮਾੜਾ ਹੈ, ਪਰ ਹਰਸਿਮਰਤ ਬਾਦਲ ਕਹਿ ਰਹੀ ਹੈ ਕਿ ਮੈਂ ਨਹੀਂ ਕਹਿ ਰਹੀ, ਇਹ ਕਿਸਾਨ ਕਹਿ ਰਹੇ ਹਨ, ਕਾਨੂੰਨ ਮਾੜਾ ਹੈ।




ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਅਕਾਲੀ ਦਲ ਨੇ ਸੰਘਰਸ਼ ਵੀ ਕੀਤੇ ਹਨ ਤੇ ਮੋਰਚੇ ਲਾਏ ਹਨ।  ਉਨ੍ਹਾਂ ਨੇ ਜੇਲ੍ਹਾਂ ਕੱਟੀਆਂ ਹਨ ਤੇ ਸ਼ਹਾਦਤਾਂ ਦਿੱਤੀਆਂ ਹਨ ਪਰ ਸੁਖਬੀਰ ਬਾਦਲ ਵਾਲੀ ਕੁਰਬਾਨੀ ਨਹੀਂ। ਅੱਜ ਵੀ ਸਾਡਾ ਵਿਰੋਧ ਅਕਾਲੀ ਦਲ ਲਈ ਨਹੀਂ ਸਗੋਂ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦੀ ਅਗਵਾਈ ਵਿੱਚ ਚੱਲ ਰਹੀ ਦੋਗਲੀ ਰਾਜਨੀਤੀ ਖਿਲਾਫ਼ ਹੈ। ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵੱਲੋਂ ਕਿਸਾਨਾਂ ਦਾ ਕੇਸ ਕਮਜ਼ੋਰ ਕੀਤਾ ਗਿਆ ਹੈ।