ਭੁਵਨੇਸ਼ਵਰ: ਹੁਣ ਸਿਰਫ ਬਿਹਾਰ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਮਿਲੇਗੀ। ਚੁਫੇਰਿਓਂ ਅਲੋਚਨਾ ਮਗਰੋਂ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਐਤਵਾਰ ਨੂੰ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦਾ ਇਹ ਐਲਾਨ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਅਲੋਚਨਾ ਮਗਰੋਂ ਆਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਸੀ ਕਿ ਬਿਹਾਰ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਫਰੀ ਕਰੋਨਾ ਵੈਕਸੀਨ ਮਿਲੇਗੀ।
ਸਰਕਾਰ ਨੇ ਬਿਹਾਰ ਲਈ ਮੁਫਤ ਕੋਵਿਡ ਵੈਕਸੀਨ ਦੇਣ ਦਾ ਐਲਾਨ ਕੀਤਾ ਸੀ। ਬਿਹਾਰ ਵਿੱਚ ਇਸ ਹਫ਼ਤੇ ਵਿਧਾਨ ਸਭਾ ਚੋਣਾਂ ਸ਼ੁਰੂ ਹੋਣੀਆਂ ਹਨ। ਵਿਰੋਧੀ ਪਾਰਟੀਆਂ ਨੇ ਇਸ ਐਲਾਨ ਨੂੰ ਲੈ ਕੇ ਸਰਕਾਰ ਤੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਸਰਕਾਰ ਕਰੋਨਾ ਮਹਾਂਮਾਰੀ ਨੂੰ ਰਾਜਨੀਤਕ ਫਾਇਦੇ ਲਈ ਵਰਤ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਇਹ ਐਲਾਨ ਕਰਮਬੱਧ ਹੈ ਕਿਉਂਕਿ ਇਸ ਦਾ ਚੋਣ ਮਨੋਰਥ ਪੱਤਰ ਵਿੱਚ ਐਲਾਨ ਕੀਤਾ ਗਿਆ ਸੀ।
ਸਾਰੰਗੀ ਨੇ ਵਿਧਾਨ ਸਭਾ ਉਪ ਚੋਣ ਲਈ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਦੀ ਵੈਕਸੀਨ 'ਤੇ ਲਗਪਗ 500 ਰੁਪਏ ਖਰਚ ਆਵੇਗਾ। ਤਾਮਿਲਨਾਡੂ, ਮੱਧ ਪ੍ਰਦੇਸ਼, ਅਸਾਮ ਅਤੇ ਪੁਡੂਚੇਰੀ ਦੀਆਂ ਸਰਕਾਰਾਂ ਪਹਿਲਾਂ ਹੀ ਆਪਣੇ ਰਾਜਾਂ ਦੇ ਲੋਕਾਂ ਲਈ ਮੁਫਤ ਕਰੋਨਾ ਵੈਕਸੀਨ ਦਾ ਐਲਾਨ ਕਰ ਚੁੱਕੀਆਂ ਹਨ, ਜਦੋਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਦੇ ਸਾਰੇ ਨਾਗਰਿਕਾਂ ਲਈ ਮੁਫਤ ਵੈਕਸੀਨ ਦੀ ਮੰਗ ਕੀਤੀ ਹੈ।