ਚੰਡੀਗੜ੍ਹ: ਕੇਂਦਰ ਸਰਕਾਰ 'ਚ ਤਿੰਨ ਪੰਜਾਬੀ ਮੰਤਰੀ ਹੋਣ ਦੇ ਬਾਵਜੂਦ ਉਹ ਬਜਟ 'ਚ ਸੂਬੇ ਲਈ ਕੋਈ ਵੀ ਵਿਸ਼ੇਸ਼ ਪੈਕੇਜ ਲਿਆਉਣ 'ਚ ਨਾਕਾਮ ਸਾਬਤ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਭਾਜਪਾ ਤੋਂ ਸੋਮ ਪ੍ਰਕਾਸ਼ ਪੰਜਾਬ ਤੋਂ ਕੇਂਦਰੀ ਮੰਤਰੀ ਹਨ। ਹਰਦੀਪ ਪੁਰੀ ਪੰਜਾਬੀ ਹਨ, ਪਰ ਉਹ ਪੰਜਾਬ ਤੋਂ ਰਾਜ ਮੰਤਰੀ ਨਹੀਂ ਹਨ।


ਇਨ੍ਹਾਂ ਤਿੰਨ ਪੰਜਾਬੀ ਮੰਤਰੀਆਂ ਦੇ ਮੋਦੀ ਸਰਕਾਰ 'ਚ ਹੋਣ ਦੇ ਬਾਵਜੂਦ ਪੰਜਾਬ ਨੂੰ ਨਾ ਤਾਂ ਇੰਟਰਨੈਸ਼ਨਲ ਬਾਰਡਰ ਸਟੇਟ ਹੋਣ ਦੇ ਨਾਤੇ ਤੇ ਨਾ ਹੀ ਕੁਦਰਤੀ ਆਫ਼ਤ ਝੱਲਣ ਬਦਲੇ ਕੋਈ ਵਿਸ਼ੇਸ਼ ਪੈਕੇਜ ਮਿਲਿਆ। ਸ਼ਨੀਵਾਰ ਨੂੰ ਪੇਸ਼ ਹੋਏ ਕੇਂਦਰੀ ਬਜਟ 'ਚ ਪੰਜਾਬ ਨੂੰ ਕੋਈ ਰਾਹਤ ਨਹੀਂ ਮਿਲੀ।

ਕੇਂਦਰੀ ਬਜਟ 'ਚ ਨਾ ਤਾਂ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਕਿਸਾਨਾਂ ਲਈ ਕੋਈ ਐਲਾਨ ਹੋਇਆ ਤੇ ਨਾ ਹੀ ਪੰਜਾਬ ਦੀ ਸਿਕ ਇੰਡਸਟਰੀ ਲਈ। ਹਾਲਾਂਕਿ ਪੰਜਾਬ ਦੇ ਬਾਰਡਰ ਸਟੇਟ ਹੋਣ ਦੇ ਚਲਦੇ ਕੇਂਦਰ ਵੱਲੋਂ ਜਿਸ ਪੈਕੇਜ ਦਾ ਵਾਅਦਾ ਕੀਤਾ ਜਾਂਦਾ ਰਿਹਾ ਹੈ, ਉਹ ਵੀ ਪੰਜਾਬ ਨੂੰ ਨਹੀਂ ਮਿਲਿਆ।