ਬਰਨਾਲਾ: ਭਦੌੜ ਦੀ ਔਰਤ ਨਾਲ ਵਿਆਹ ਕਰਵਾ ਕੇ ਉਸ ਦਾ ਪਤੀ ਵਿਦੇਸ਼ ਚਲੇ ਗਿਆ। ਤੇ ਉਥੇ ਜਾ ਕੇ ਉਸ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ। ਭਦੌੜ ਦੀ ਸਰਬਜੀਤ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸਦਾ ਵਿਆਹ 2008 ਸੰਦੀਪ ਸਿੰਘ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈੱਟਸ ਕੀਤੀ ਅਤੇ ਆਪਣੇ ਪਤੀ ਸੰਦੀਪ ਸਿੰਘ ਨਾਲ ਸਪਾਊਸ ਵੀਜ਼ੇ 'ਤੇ ਦੋਵੇਂ ਜਣੇ ਇੰਗਲੈਂਡ ਚਲੇ ਗਏ। ਜਿਸ ਉਪਰੰਤ 2012 'ਚ ਉਨ੍ਹਾਂ ਦੇ ਘਰ ਇਕ ਬੇਟੇ ਅਰਣਵ ਸਿੰਘ ਨੇ ਜਨਮ ਲਿਆ। ਉਸ ਨੇ ਦੱਸਿਆ ਕਿ ਅਸੀਂ ਉਥੇ ਪੀਆਰ ਨਹੀਂ ਹੋ ਸਕੇ ਅਤੇ ਉਸ ਦੇ ਪਤੀ ਨੇ ਵਾਪਸ ਇੰਡੀਆ ਆਉਣ ਦਾ ਮਨ ਬਣਾਇਆ। 

 

ਜਿਸ ਤੋਂ ਬਾਅਦ ਤਿੰਨੋਂ ਵਾਪਸ ਇੰਡੀਆ ਆ ਗਏ। ਉਸ ਤੋਂ ਬਾਅਦ ਉਸ ਦੇ ਪਤੀ ਨੇ ਕਿਹਾ ਕਿ ਦੋਵਾਂ ਦੇ ਵਿਦੇਸ਼ ਜਾਣ ਲਈ ਫੰਡਜ਼ ਵਗੈਰਾ ਘੱਟ ਹਨ ਇਸ ਲਈ ਮੈਂ ਇਕੱਲਾ ਸਾਈਪ੍ਰੈਸ ਜਾਦਾ ਹਾਂ ਅਤੇ ਉੱਥੇ ਜਾ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗਾ। ਪਤੀ ਸੰਦੀਪ ਸਿੰਘ 2016 'ਚ ਸਾਈਪ੍ਰਸ ਚਲਾ ਗਿਆ। ਉਸ ਦੇ ਜਾਣ ਮੌਕੇ ਲੜਕੀ ਨੇ ਆਪਣੇ ਮਾਪਿਆਂ ਤੋਂ ਛੇ ਲੱਖ ਰੁਪਏ ਫੜ ਕੇ ਸੰਦੀਪ ਸਿੰਘ ਨੂੰ ਮਦਦ ਵਜੋਂ ਦਿੱਤੇ। ਔਰਤ ਨੇ ਦੱਸਿਆ ਕਿ ਉਸ ਤੋਂ ਦੋ ਸਾਲ ਬਾਅਦ 2018 ਤੱਕ ਉਸ ਨੇ ਮੇਰੇ ਨਾਲ ਫੋਨ 'ਤੇ ਗੱਲਬਾਤ ਕਰਦਾ ਰਿਹਾ ਅਤੇ ਮੈਂ ਆਪਣੇ ਸਹੁਰੇ ਘਰ ਆਪਣੀ ਬੇਟੇ ਸਮੇਤ  ਭਾਈਰੂਪਾ ਵਿਖੇ ਰਹਿੰਦੀ ਰਹੀ। 

 

ਉਸ ਨੇ ਦੱਸਿਆ ਪਰ 2018 ਤੋਂ ਬਾਅਦ ਉਸ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ। ਫਿਰ ਉਸ ਨੇ ਇਕ ਆਈਫ਼ੋਨ ਉਸ ਨੂੰ ਗਿਫ਼ਟ 'ਚ ਭੇਜਿਆ ਜਦੋਂ ਉਸ ਦਾ ਲੌਕ ਖੁਲ੍ਹਵਾਉਣ ਲਈ ਉਹ ਟੇੈਲੀਕੌਮ ਦੀ ਦੁਕਾਨ 'ਤੇ ਗਈ ਤਾਂ ਉਸਦੇ ਲੌਕ ਖੋਲ੍ਹਣ ਉਪਰੰਤ ਉਸ ਦੀਆਂ ਇਤਰਾਜ਼ਯੋਗ ਹਾਲਤ 'ਚ ਹੋਰ ਕੁੜੀ ਨਾਲ ਫੋਟੋਆਂ ਸਾਹਮਣੇ ਆਈਆਂ। ਉਸ ਨੇ ਕਿਹਾ ਮੇਰੇ ਪਤੀ ਦੀ  ਸਾਰੀ ਸੱਚਾਈ ਸਾਹਮਣੇ ਆ ਗਈ। 

 

ਉਸ ਨੇ ਦੱਸਿਆ ਕਿ ਇਸ ਸਭ ਤੋਂ ਬਾਅਦ ਮੈਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੋਂ ਤੰਗ ਆ ਕੇ ਮੈਂ ਆਪਣੇ ਮਾਂ ਬਾਪ ਦੇ ਘਰ ਆ ਗਈ। ਹੁਣ ਮੈਨੂੰ  ਪਤਾ ਲੱਗ ਚੁੱਕਾ ਹੈ ਕਿ ਮੈਂ ਵਿਦੇਸ਼ੀ ਲਾੜੇ ਦੀ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਠੱਗੀ ਜਾ ਚੁੱਕੀ ਹੈ। ਉਸ ਨੇ ਕਿਹਾ ਕਿ ਹੁਣ ਮੈਨੂੰ ਮੇਰੇ ਅਤੇ ਮੇਰੇ ਅੱਠ ਸਾਲਾ ਬੇਟੀ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ।

 

ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਕੁੜੀ ਦੇ ਨਾਲ ਆਏ ਉਸਦੇ ਬਾਪ ਮਹਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਵਿਆਹ ਪੂਰੇ ਚਾਵਾਂ ਮਲ੍ਹਾਰਾਂ ਨਾਲ ਅਤੇ  ਆਪਣੇ ਵਿੱਤ ਤੋਂ ਵੱਧ ਖਰਚ ਕਰ ਕੇ ਕੀਤਾ ਸੀ ਪਰ ਸਾਡੇ ਜਵਾਈ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਹੁਰੇ ਪਰਿਵਾਰ ਅਤੇ ਸਾਡੇ ਜਵਾਈ ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਰਬਜੀਤ ਨੇ ਕਿਹਾ ਕਿ ਉਸਨੂੰ ਸਿਰਫ ਮੈਡਮ ਮੁਨੀਸਾ ਗੂਲਾਟੀ ਤੋਂ ਇਨਸਾਫ ਮਿਲਣ ਦੀ ਹੀ ਉਮੀਦ ਹੈ। ਜਿਸ ਕਰਕੇ ਉਹ ਮੈਡਮ ਨੂੰ ਇੱਕ ਦੋ ਦਿਨਾਂ ਵਿਚ ਮਿਲਣ ਵੀ ਜਾ ਰਹੀ ਹੈ। 

 

ਉਥੇ ਪੀੜਤ ਸਰਬਜੀਤ ਦੇ ਲੜਕੇ ਅਰਣਵ ਨੇ ਕਿਹਾ ਕਿ ਜਦੋਂ ਉਸਨੇ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਤਾਂ ਪਾਪਾ ਨੇ ਕਿਹਾ ਸੀ ਕਿ "ਤੂੰ ਆਪਣੀ ਮੰਮੀ ਛੱਡ ਦੇ, ਮੈਂ ਤੇਰੇ ਲਈ ਨਵੀਂ ਮੰਮੀ ਲੱਭ ਲਈ ਹੈ।" ਉਥੇ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਆਈ ਹੈ। ਇਸ ਸਬੰਧੀ ਜੱਥੇਬੰਦੀ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਥੇਬੰਦੀ ਨਾਲ ਖੜੀ ਹੈ। ਅੱਜ ਵੀ ਥਾਣਾ ਭਦੌੜ ਦੀ ਪੁਲਿਸ ਨੂੰ ਮਿਲੇ ਹਨ, ਜਿਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ ਵਿੱਢਣਗੇ। 

 

ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।