ਚੰਡੀਗੜ੍ਹ: ਇਲਾਜ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਨ ਵਾਲੇ ਡੀਐਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦੁੱਖ ਜ਼ਾਹਿਰ ਕੀਤਾ ਹੈ। ਕੈਪਟਨ ਨੇ ਲਿਖਿਆ ਹੈ "ਸਾਡੇ ਬਹਾਦਰ ਡੀਐਸਪੀ ਹਰਜਿੰਦਰ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨਾਲ ਸਾਨੂੰ ਗਹਿਰਾ ਦੁੱਖ ਪਹੁੰਚਿਆ ਹੈ। ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾਵਾਇਰਸ ਬੀਮਾਰੀ ਤੋਂ ਬਾਅਦ ਉਨ੍ਹਾਂ ਦੀ ਵਿਗੜੀ ਸਿਹਤ ਠੀਕ ਨਹੀਂ ਹੋ ਪਾਈ। ਇਸ ਦੁੱਖ ਦੀ ਘੜੀ ਵਿੱਚ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ ਤੇ ਉਨ੍ਹਾਂ ਦੀ ਹਰ ਪੱਖੋਂ ਮਦਦ ਕਰਾਂਗੇ। ਮੇਰੀਆਂ ਅਰਦਾਸਾਂ ਹਰਜਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਨ।"
ਉਨ੍ਹਾਂ ਦੀ ਅੱਜ ਬੁੱਧਵਾਰ ਦੁਪਹਿਰ ਲੁਧਿਆਣਾ ਦੇ ਐਸਪੀਐਸ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਕੋਰੋਨਾ ਕਾਰਨ ਹਸਪਤਾਲ 'ਚ ਭਰਤੀ ਡੀਐੱਸਪੀ ਦੇ ਫੇਫੜੇ ਇਨਫੈਕਸ਼ਨ ਕਾਰਨ ਖਰਾਬ ਹੋ ਗਏ ਸਨ। ਜਿਨ੍ਹਾਂ ਨੂੰ ਬਦਲਣ ਵਾਸਤੇ ਇਲਾਜ 'ਤੇ ਕਾਫ਼ੀ ਖਰਚਾ ਆਉਣਾ ਸੀ।
ਐਸਪੀਐਸ ਹਸਪਤਾਲ ਦੇ ਪੀਆਰਓ ਲਖਵੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਜੇਲ੍ਹ 'ਚ ਤਾਇਨਾਤ ਡੀਐਸਪੀ ਹਰਜਿੰਦਰ ਸਿੰਘ ਨੂੰ 6 ਅਪ੍ਰੈਲ ਨੂੰ ਹਸਪਤਾਲ 'ਚ ਕੋਰੋਨਾ ਮਹਾਂਮਾਰੀ ਦੀ ਸ਼ਿਕਾਇਤ ਕਾਰਨ ਭਰਤੀ ਕਰਵਾਇਆ ਗਿਆ ਸੀ। ਬਾਅਦ 'ਚ ਉਨ੍ਹਾਂ ਦੀ ਕੋਵਿਡ ਰਿਪੋਰਟ ਤਾਂ ਨੈਗੇਟਿਵ ਆ ਗਈ ਪਰ ਸੰਕਰਮਣ ਕਾਰਨ ਫ਼ੇਫੜੇ ਖ਼ਰਾਬ ਹੋ ਗਏ ਸਨ। ਜਿਨ੍ਹਾਂ ਦੇ ਇਲਾਜ 'ਤੇ ਲੱਖਾਂ ਰੁਪਏ ਖਰਚ ਆਉਣੇ ਸਨ।
ਉਨ੍ਹਾਂ ਵੱਲੋਂ ਇਲਾਜ ਲਈ ਮੁੱਖ ਮੰਤਰੀ ਨੂੰ ਅਪੀਲ ਕਰਦੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਸੀਐਮ ਨੇ ਇਲਾਜ ਦਾ ਭਰੋਸਾ ਦਿੱਤਾ ਸੀ ਤੇ ਟਵੀਟ ਕੀਤਾ ਸੀ। ਸਰਕਾਰ ਵੱਲੋਂ ਡਾਕਟਰਾਂ ਦਾ ਪੈਨਲ ਵੀ ਗਠਿਤ ਕੀਤਾ ਗਿਆ ਸੀ। ਲੇਕਿਨ ਸਰਕਾਰੀ ਵਿਵਸਥਾ 'ਚ ਦੇਰੀ ਹੋਣ ਕਾਰਨ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਪੈਨਲ ਵੱਲੋਂ ਜਿਹੜੇ ਵੀ ਦਸਤਾਵੇਜ਼ ਮੰਗੇ ਗਏ ਹਸਪਤਾਲ ਨੇ ਉਨ੍ਹਾਂ ਮੁਹੱਈਆ ਕਰਵਾਏ, ਪਰ ਇਸ ਦੌਰਾਨ ਬਹੁਤ ਦੇਰੀ ਹੋ ਗਈ ਤੇ ਆਖਿਰਕਾਰ ਡੀਐਸਪੀ ਹਰਜਿੰਦਰ ਸਿੰਘ ਨੇ ਦਮ ਤੋੜ ਦਿੱਤਾ।