ਚੰਡੀਗੜ੍ਹ: ਕੋਰੋਨਾ ਵਾਇਰਸ 'ਤੇ ਫ਼ਤਹਿ ਹਾਸਲ ਕਰਨ ਵਿੱਚ ਪੰਜਾਬ ਕੁਝ ਹੀ ਦੂਰ ਰਹਿ ਗਿਆ ਜਾਪਦਾ ਹੈ। ਬੀਤੇ ਦਿਨ ਪੰਜਾਬ ਵਿੱਚ ਸਿਰਫ ਲੁਧਿਆਣਾ ਦਾ ਇੱਕ ਵਿਅਕਤੀ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਪਰ ਤਾਜ਼ਾ ਅੰਕੜਿਆਂ ਵਿੱਚ ਪੰਜਾਬ ਵਿੱਚ ਕੋਵਿਡ-19 ਦੇ 14 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਅਤੇ ਸਿਰਫ ਚਾਰ ਹੀ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀ ਗਿਣਤੀ 10 ਤੋਂ ਵੱਧ ਹੈ।
ਮੁਹਾਲੀ, ਸੰਗਰੂਰ, ਮੋਗਾ ਤੇ ਫ਼ਿਰੋਜ਼ਪੁਰ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਕੋਈ ਵੀ ਵਿਅਕਤੀ ਇਲਾਜ ਅਧੀਨ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਫਿਲਹਾਲ ਕਰੋਨਾ ਮੁਕਤ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਬਠਿੰਡਾ, ਤਰਨ ਤਾਰਨ, ਰੂਪਨਗਰ, ਕਪੂਰਥਲਾ ਤੇ ਫ਼ਤਹਿਗੜ੍ਹ ਸਾਹਿਬ ਅਜਿਹੇ ਜ਼ਿਲ੍ਹੇ ਹਨ, ਜਿੱਥੇ ਇਸ ਸਮੇਂ ਸਿਰਫ ਇੱਕ-ਇੱਕ ਮਰੀਜ਼ ਹੀ ਇਲਾਜ ਅਧੀਨ ਹੈ ਜਦੋਂ ਕਿ ਮਾਨਸਾ ਤੇ ਪਠਾਨਕੋਟ ਵਿੱਚ ਦੋ-ਦੋ ਮਰੀਜ਼ ਜ਼ੇਰੇਇਲਾਜ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਯਾਨੀ ਕਿ 23 ਮਈ ਨੂੰ ਸਵੇਰੇ 10 ਵਜੇ ਤਕ ਆਈ ਰਿਪੋਰਟ ਮੁਤਾਬਕ ਲੁਧਿਆਣਾ ਦੇ ਛੇ ਆਰਪੀਐੱਫ ਸਮੇਤ ਕੁੱਲ ਸੱਤ ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਬੇ ਵਿੱਚ ਕੁੱਲ 2,043 ਪਾਜ਼ੇਟਿਵ ਕੇਸਾਂ ਵਿੱਚੋਂ ਅੱਜ ਤੱਕ 1847 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰੀਂ ਤੋਰ ਦਿੱਤਾ ਗਿਆ ਹੈ। ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 157 ਮਰੀਜ਼ ਇਲਾਜ ਅਧੀਨ ਹਨ।
ਪੰਜਾਬ ਵਿੱਚ ਹੁਣ ਤੱਕ ਸਾਹਮਣੇ ਆਏ 2,029 ਮਾਮਲਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਹੀ ਸਭ ਤੋਂ ਵੱਧ ਕੇਸ ਹਨ। ਅੰਮ੍ਰਿਤਸਰ ਵਿੱਚ 312, ਜਲੰਧਰ ਵਿੱਚ 213, ਲੁਧਿਆਣਾ ਵਿੱਚ 179, ਤਰਨਤਾਰਨ ਵਿੱਚ 155, ਗੁਰਦਾਸਪੁਰ ਵਿੱਚ 129, ਨਵਾਂਸ਼ਹਿਰ ਵਿੱਚ 105, ਪਟਿਆਲਾ ਵਿੱਚ 107, ਮੁਹਾਲੀ ਵਿੱਚ 102 ਅਤੇ ਹੁਸ਼ਿਆਰਪੁਰ ਵਿੱਚ ਵੀ 102 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੂਨ ਤੇ ਜੁਲਾਈ ਦੇ ਮਹੀਨਿਆਂ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਮਾਮਲੇ ਵੱਧ ਵੀ ਸਕਦੇ ਹਨ। ਵਿਦੇਸ਼ਾਂ ਤੋਂ ਹੁਣ ਤੱਕ 1 ਹਜ਼ਾਰ ਲੋਕ ਪੰਜਾਬ ਆਏ ਹਨ ਤੇ ਆਉਂਦੇ ਦਿਨਾਂ ਦੌਰਾਨ 19 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਵਿਦੇਸ਼ਾਂ ਤੋਂ ਆਉਣਾ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵੀ ਪਾਜ਼ੇਟਿਵ ਪਾਏ ਜਾਣ ਦੇ ਆਸਾਰ ਹਨ, ਜਿਸ ਕਰਕੇ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ।
ਤਾਜ਼ਾ ਅੰਕੜੇ-
ਪੰਜਾਬ 'ਚ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ, ਤਾਜ਼ਾ ਅੰਕੜੇ ਜਾਰੀ
ਏਬੀਪੀ ਸਾਂਝਾ
Updated at:
23 May 2020 12:20 PM (IST)
ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਅਤੇ ਸਿਰਫ ਚਾਰ ਹੀ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀ ਗਿਣਤੀ 10 ਤੋਂ ਵੱਧ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -