ਮੋਰੈਨਾ (ਮੱਧ ਪ੍ਰਦੇਸ਼): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਆਗੂ ਹੁਣ ਪੱਛਮੀ ਬੰਗਾਲ ’ਚ ਜਾ ਕੇ ਪ੍ਰਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਾਫੀ ਖਫਾ ਨਜ਼ਰ ਆਏ। ਕਿਸਾਨ ਆਗੂਆਂ ਦੇ ਬੰਗਾਲ ਕੈਂਪ ਬਾਰੇ ਤੋਮਰ ਨੇ ਕਿਹਾ ਕਿ ਉਹ ਪੱਛਮੀ ਬੰਗਾਲ ’ਚ ਜਾ ਕੇ ਪੱਥਰਾਂ ਨਾਲ ਆਪਣਾ ਸਿਰ ਨਾ ਮਾਰਨ। ਉਹ ਆਪਣੇ ਮਾਮਲੇ ’ਚ ਫ਼ੈਸਲਾ ਨਹੀਂ ਲੈ ਪਾ ਰਹੇ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ।


 


ਇਸ ਦੇ ਨਾਲ ਹੀ ਕੇਂਦਰੀ ਖੇਤੀ ਮੰਤਰੀ ਨੇ ਮਮਤਾ ਬੈਨਰਜੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਤੋਮਰ ਨੇ ਕਿਸਾਨ ਆਗੂਆਂ ਨੂੰ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਹੁਣ ਮਮਤਾ ਬੈਨਰਜੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਗ਼ੌਰਤਲਬ ਹੈ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜੱਦੀ ਰਾਜ ਮੱਧ ਪ੍ਰਦੇਸ਼ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਲਗਾਤਾਰ ਮਹਾਂਪੰਚਾਇਤਾਂ ਕਰ ਰਹੇ ਹਨ।


 


ਰੀਵਾ ’ਚ ਮਹਾਂਪੰਚਾਇਤ ਦੌਰਾਨ ਉਨ੍ਹਾਂ ਟਿਕੈਤ ਉੱਤੇ ਜ਼ੋਰਦਾਰ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਸਰਕਾਰ ਕਿਸਾਨਾਂ ਤੋਂ ਚੌਲ ਮੰਗ ਰਹੀ ਹੈ ਤੇ ਕਿਸਾਨ ਸਰਕਾਰ ਤੋਂ MSP ਦੀ ਮੰਗ ਕਰ ਰਹੇ ਹਨ। ਦਰਅਸਲ ਕਿਸਾਨਾਂ ਵੱਲੋਂ ਚੋਣਾਂ ਵਾਲੇ ਰਾਜਾਂ ਵਿੱਚ ਮਹਾਪੰਚਾਇਤਾਂ ਕਰਨ ਕਰਕੇ ਬੀਜੇਪੀ ਕਾਫੀ ਖਫਾ ਨਜ਼ਰ ਆ ਰਹੀ ਹੈ। ਇਸ ਲਈ ਕਿਸਾਨਾਂ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਸਿਆਸਤ ਕਰਨ ਲੱਗੇ ਹਨ।