ਬਰਨਾਲਾ: ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦਰਮਿਆਨ ਦਿਨੋ-ਦਿਨ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਦੋਵਾਂ ਪਰਿਵਾਰਾਂ ਵੱਲੋਂ ਦੋਸ਼ ਲਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇੱਥੇ ਇੱਕ ਪਾਸੇ ਸੁਖਬੀਰ ਬਾਦਲ ਹਲਕੇ ਵਿੱਚ ਢੀਂਡਸਾ ਪਰਿਵਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਜਾ ਢੀਂਡਸਾ ਪਰਿਵਾਰ ਆਪਣੇ ਹਮਾਇਤੀ ਟਕਸਾਲੀ ਆਗੂ ਤੇ ਸਮਰਥਕਾਂ ਨਾਲ ਮੁਲਾਕਾਤ ਕਰ ਰਹੇ ਹਨ।


ਇਸ ਕਾਰਨ ਪਰਮਿੰਦਰ ਢੀਂਡਸਾ ਨੇ ਅੱਜ ਬਰਨਾਲਾ ਜ਼ਿਲ੍ਹੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਤੇ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸੈਂਕੜੇ ਲੋਕ ਪਹੁੰਚੇ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਈ ਮੁੱਦਿਆਂ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਅਜੇ ਵੀ ਪੰਜਾਬ ਵਿੱਚ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹਨ। ਪੰਜਾਬ '80% ਲੋਕ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਹਨ ਤੇ ਸਾਡੇ ਵਿਚਾਰਾਂ ਨਾਲ ਸਹਿਮਤ ਹਨ। ਢੀਂਡਸਾ ਨੇ ਕਿਹਾ ਕਿ ਸਾਡਾ ਉਦੇਸ਼ ਪਾਰਟੀ ਨੂੰ ਖ਼ਤਮ ਕਰਨਾ ਨਹੀਂ, ਸਾਡਾ ਉਦੇਸ਼ ਇਸ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਹੈ।

ਦੋ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਉਸ ਰੈਲੀ 'ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਵਰਕਰਾਂ ਨਾਲ ਮੀਟਿੰਗ ਜਾਰੀ ਰਹੇਗੀ ਤੇ ਅਸੀਂ ਪੰਜਾਬ ਦੇ ਹਰ ਖੇਤਰ 'ਚ ਜਾ ਕੇ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜਾਂਗੇ।

ਉਨ੍ਹਾਂ ਨੇ ਭਾਜਪਾ ਬਨਾਮ ਸ਼੍ਰੋਮਣੀ ਅਕਾਲੀ ਦਲ ਦੇ ਯੂ-ਟਰਨ ‘ਤੇ ਬੋਲਦਿਆਂ ਕਿਹਾ ਕਿ ਬਾਦਲ ਪਰਿਵਾਰ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲ ਰਿਹਾ ਹੈ। ਮੌਕੇ ‘ਤੇ ਪਹੁੰਚੇ ਟਕਸਾਲੀ ਆਗੂ ਤੇ ਸਮਰਥਕਾਂ ਨੇ ਪਰਮਿੰਦਰ ਢੀਂਡਸਾ ਦੀ ਹਮਾਇਤ ਕਰਨ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਪੰਜਾਬ ਦੇ ਲੋਕ ਢੀਂਡਸਾ ਦੇ ਇਸ ਮਿਸ਼ਨ ਦੇ ਨਾਲ ਹਨ।