ਬਰਨਾਲਾ: ਅੱਜ ਸ਼ਹੀਦ ਭਗਤ ਸਿੰਘ  ਦੇ 114ਵੇਂ ਜਨਮ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ "ਸਾਮਰਾਜ ਵਿਰੋਧੀ ਕਾਨਫਰੰਸ" ਮੌਕੇ  ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਦਾ ਜਨ-ਸੈਲਾਬ ਉਮੜ ਆਇਆ। ਇਸ ਮੌਕੇ ਦੋ ਲੱਖ ਦੇ ਕਰੀਬ ਜੁੜੇ ਇਕੱਠ 'ਚ ਔਰਤਾਂ ਤੇ ਨੌਜਵਾਨਾਂ ਦੀ ਦਹਿ ਹਜ਼ਾਰਾਂ ਦੀ ਸ਼ਮੂਲੀਅਤ ਸਾਮਰਾਜੀ ਲੁੱਟ ਅਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਬਾਰੇ ਉਨ੍ਹਾਂ ਦੀ ਵਧੀ ਹੋਈ ਚੇਤਨਾ ਦਾ ਝਲਕਾਰਾ ਹੋ ਨਿੱਬੜੀ। 

 

ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੇਸ਼ ਵਾਸੀਆਂ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀ ਕਮਾਊ ਲੋਕਾਂ ਨੂੰ ਦਰਪੇਸ਼ ਕਰਜ਼ੇ, ਖੁਦਕੁਸ਼ੀਆਂ, ਗ਼ਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਦੀ ਅਹਿਮ ਵਜ੍ਹਾ ਦੇਸ਼ 'ਤੇ ਸਾਮਰਾਜੀ ਮੁਲਕਾਂ ਦੇ ਲੁੱਟ ਤੇ ਦਾਬੇ ਦਾ ਕਾਇਮ ਰਹਿਣਾ ਅਤੇ ਵਧਦੇ ਜਾਣਾ ਹੈ। ਜਿਸਦੇ ਖ਼ਾਤਮੇ ਲਈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਜਾਨਾਂ ਕੁਰਬਾਨ ਕੀਤੀਆਂ ਸਨ। 

 

ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਵੀ ਸਾਮਰਾਜੀ ਦੇਸ਼ਾਂ ਵੱਲੋਂ ਸਾਡੇ ਮੁਲਕ 'ਤੇ ਦੇਸ਼ ਦੇ ਹਾਕਮਾਂ ਰਾਹੀਂ ਮੜ੍ਹੀਆਂ ਲੋਕ ਵਿਰੋਧੀ ਨੀਤੀਆਂ ਦਾ ਹੀ ਇੱਕ ਹਿੱਸਾ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਕਿਸਾਨਾਂ ਮਜ਼ਦੂਰਾਂ ਦੀ ਖੁਸ਼ਹਾਲੀ ਤੇ ਪੁੱਗਤ ਸਥਾਪਤੀ ਦੇ ਲਈ ਸਾਡੇ ਮਹਾਨ ਨਾਇਕ ਭਗਤ ਸਿੰਘ ਵੱਲੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ ਲਈ ਦਰਸਾਏ ਰਾਹ 'ਤੇ ਸਾਬਤ ਕਦਮੀਂ ਅੱਗੇ ਵਧਣਾ ਮੌਜੂਦਾ ਘੋਲ਼ ਦੀ ਅਣਸਰਦੀ ਲੋੜ ਹੈ। 

 

ਉਨ੍ਹਾਂ ਐਲਾਨ ਕੀਤਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਤੋਂ ਪ੍ਰੇਰਣਾ ਲੈਕੇ ਨਾ ਸਿਰਫ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ਸਗੋਂ ਖੇਤੀ ਕਿੱਤੇ ਅਤੇ ਮੁਲਕ ਨੂੰ ਚਿੰਬੜੀਆਂ ਸਾਮਰਾਜੀ ਜੋਕਾਂ ਅਤੇ ਉਨ੍ਹਾਂ ਦੇ ਦੇਸੀ ਜੋਟੀਦਾਰਾਂ ਦੀ ਲੁੱਟ ਤੋਂ ਮੁਕਤੀ ਤੱਕ ਜੱਦੋ-ਜਹਿਦ ਜ਼ਾਰੀ ਰੱਖੀ ਜਾਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਸਮੂਹ ਪੰਜਾਬੀਆਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ।

 

ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਕੁਰਬਾਨੀ  ਦੇ ਸਿੱਟੇ ਵਜੋਂ ਉਸ ਤੋਂ ਬਾਅਦ ਦੇਸ਼ ਦੇ ਅੰਦਰ ਉੱਠੇ ਵਿਸ਼ਾਲ ਤੇ ਤਿੱਖੇ ਵਿਦਰੋਹ ਸਦਕਾ ਭਾਵੇਂ  ਸੰਨ ਸੰਤਾਲੀ 'ਚ ਅੰਗਰੇਜ਼ ਸਿੱਧੇ ਤੌਰ ਤਾਂ ਭਾਰਤ ਚੋਂ ਚਲੇ ਗਏ ਪਰ ਸਾਮਰਾਜ ਨਹੀਂ ਗਿਆ ਸਗੋਂ ਬਰਤਾਨਵੀ ਸਾਮਰਾਜ ਦੇ ਨਾਲ ਨਾਲ ਅਨੇਕਾਂ ਸਾਮਰਾਜੀ ਮੁਲਕਾਂ ਅਤੇ ਕੰਪਨੀਆਂ ਦਾ ਗਲਬਾ ਅਤੇ ਲੁੱਟ ਤੇ ਦਾਬਾ ਕਈ ਗੁਣਾਂ ਹੋਰ ਵਧ ਗਿਆ ਹੈ।