ਤਰਨ ਤਾਰਨ: ਕੈਪਟਨ ਅਮਰਿੰਦਰ ਸਿੰਘ ਪੰਜਾਬ ਪੁਲਿਸ ਨੂੰ ਕੋਰੋਨਾ ਦੀ ਜੰਗ ਲੜਨ ਲਈ ਯੋਧੇ ਦੱਸ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਨੂੰ ਇਸ ਲੜਾਈ 'ਚ ਆਪਣੀ ਆਗਿਆ ਤੋਂ ਬਿੰਨ੍ਹਾਂ ਕੰਮ ਕਰਨ ਤੋਂ ਰੋਕ ਰਹੇ ਹਨ। ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਚਾਰਜ ਸੰਭਾਲਣ ਤੋਂ ਬਾਅਦ ਨਾ ਮਿਲਣ ‘ਤੇ ਥਾਣਾ ਹਰੀਕੇ ਦੇ ਇੰਚਾਰਜ ਨੂੰ ਫੋਨ ਕਰਕੇ ਧਮਕੀ ਦਿੱਤੀ। ਚਾਰਜ ਸੰਭਾਲਣ ਦੇ ਤਿੰਨ ਦਿਨਾਂ ਬਾਅਦ ਸੰਪਰਕ ਨਾ ਕਰਨ 'ਤੇ ਉਨ੍ਹਾਂ ਸਲਾਹ ਦਿੱਤੀ ਕਿ ਪੱਟੀ ਹਲਕੇ ‘ਚ ਵੀ ਇੱਕ ਵਿਧਾਇਕ ਹੈ। ਉਸ ਨੂੰ ਬੁਲਾਉਣਾ ਤੁਹਾਡੀ ਜ਼ਿੰਮੇਵਾਰੀ ਹੈ।

ਦਰਅਸਲ, ਸ਼ਨੀਵਾਰ ਨੂੰ ਐਸਐਸਪੀ ਧਰੁਵ ਦਹੀਆ ਨੇ ਸਬ ਇੰਸਪੈਕਟਰ ਨਵਦੀਪ ਸਿੰਘ ਨੂੰ ਥਾਣਾ ਹਰੀਕੇ ਦਾ ਐਸਐਚਓ ਨਿਯੁਕਤ ਕੀਤਾ ਸੀ। ਚਾਰਜ ਸੰਭਾਲਣ ਤੋਂ ਬਾਅਦ ਸਟੇਸ਼ਨ ਇੰਚਾਰਜ ਨੇ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਸਿਆਸੀ ਅਸ਼ੀਰਵਾਦ ਨਹੀਂ ਲਿਆ। ਦੂਜੇ ਪਾਸੇ ਅਲੀਪੁਰ ਪਿੰਡ ਨਾਲ ਸਬੰਧਤ ਕੰਮ ਨੂੰ ਵੀ ਰੋਕ ਦਿੱਤਾ, ਜੋ ਏਐਸਆਈ ਕੁਲਬੀਰ ਸਿੰਘ ਜਿੰਮੇ ਸੀ।

ਐਸਐਚਓ ਨੇ ਇਹ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਹੈ। ਇਸ ਤੋਂ ਬਾਅਦ ਬਾਰਡਰ ਰੇਂਜ ਦੇ ਆਈਜੀ ਸੁਰਿੰਦਰਪਾਲ ਪਰਮਾਰ ਵੱਲੋਂ ਫੋਨ ਕਾਲ ਦੀ ਇਹ ਆਡੀਓ ਰਿਕਾਰਡਿੰਗ ਵੀ ਡੀਜੀਪੀ ਦੇ ਧਿਆਨ ‘ਚ ਲਿਆਂਦੀ ਗਈ ਹੈ।

ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੈਂ ਹਰੀਕੇ ਪੱਤਣ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਹੈ ਤੇ ਮਾਮਲਾ ਸੁਲਝ ਗਿਆ ਹੈ। ਮੈਂ ਇਸ ਮਾਮਲੇ ਨੂੰ ਜ਼ਿਆਦਾ ਹਵਾ ਨਹੀਂ ਦੇਣਾ ਚਾਹੁੰਦਾ। ਕਿਸੇ ਵੀ ਪੁਲਿਸ ਅਧਿਕਾਰੀ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ। ਉਨ੍ਹਾਂ ਫੈਸਬੁੱਕ 'ਤੇ ਇੱਕ ਪੋਸਟ ਵੀ ਪਾਈ ਹੈ, ਜਿਸ 'ਚ ਉਨ੍ਹਾਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ।