ਚੰਡੀਗੜ੍ਹ: ਲੌਕਡਾਉਨ ਕਰਕੇ ਇਸ ਵਾਰ ਕਿਸਾਨ ਬੜੀ ਮੁਸ਼ਕਲ ਨਾਲ ਕਣਕ ਦੀ ਫਸਲ ਦਾ ਕੰਮ ਨਿਬੇੜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਹਮਣੇ ਇੱਕ ਹੋਰ ਵੱਡੀ ਮੁਸੀਬਤ ਖੜ੍ਹੀ ਨਜ਼ਰ ਆ ਰਹੀ ਹੈ। ਬੇਸ਼ੱਕ ਕਿਸਾਨਾਂ ਨੇ ਝੋਨੇ ਦੇ ਸੀਜ਼ਨ ਦੀ ਤਿਆਰੀ ਵਿੱਢ ਦਿੱਤੀ ਹੈ ਪਰ ਅਗਲੇ ਮਹੀਨੇ ਝੋਨੇ ਦੀ ਲੁਆਈ ਲਈ ਲੇਬਰ ਮਿਲਣ ਦੀ ਉਮੀਦ ਨਹੀਂ। ਪੰਜਾਬ ਵਿੱਚੋਂ ਸਾਢੇ ਅੱਠ ਲੱਖ ਪਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਪਰਤਣ ਲਈ ਕਾਹਲੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਦਹਿਸ਼ਤ ਕਰਕੇ ਇਸ ਵਾਰ ਖੇਤੀਬਾੜੀ ਦਾ ਕੰਮ ਕਰਨ ਵਾਲੇ ਮਜ਼ਦੂਰ ਪੰਜਾਬ ਨਹੀਂ ਆਉਣਗੇ।

ਉਧਰ, ਕਣਕ ਸੰਭਾਲਣ ਵੇਲੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਝੋਨੇ ਦੀ ਲੁਆਈ ਵੇਲੇ ਸਰਕਾਰ ਦੇ ਵੀ ਹੱਥ ਖੜ੍ਹੇ ਹਨ। ਸਰਕਾਰ ਵੱਲੋਂ ਝੋਨੇ ਦੀ ਲੁਆਈ ਦੀ ਤਾਰੀਖ ਮਿਥਣ ਕਰਕੇ ਸੀਜ਼ਨ ਇੱਕਦਮ ਸ਼ੁਰੂ ਹੁੰਦਾ ਹੈ। ਉਂਝ ਕੋਰੋਨਾ ਨਾਲ ਉਲਝੀ ਪੰਜਾਬ ਸਰਕਾਰ ਹਾਲੇ ਝੋਨੇ ਦੀ ਲਵਾਈ ਦੀ ਤਾਰੀਖ਼ ਵੀ ਤੈਅ ਨਹੀਂ ਕਰ ਪਾਈ। ਆਮ ਤੌਰ 'ਤੇ ਸਰਕਾਰ ਵੱਲੋਂ 10 ਤੋਂ 15 ਜੂਨ ਵਿਚਾਲੇ ਕਣਕ ਦੀ ਲੁਆਈ ਦੀ ਇਜਾਜ਼ਤ ਦਿੱਥੀ ਜਾਂਦੀ ਹੈ। ਇਸ ਵਾਰ ਜੂਨ ਤੇ ਜੁਲਾਈ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦੀ ਕੋਈ ਉਮੀਦ ਨਹੀਂ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਥਾਨਕ ਮਜ਼ਦੂਰ ਵੀ ਝੋਨੇ ਦੀ ਲੁਆਈ ਦਾ ਕੰਮ ਕਰਦੇ ਹਨ ਪਰ ਇੱਕੋ ਵੇਲੇ ਸੀਜ਼ਨ ਸ਼ੁਰੂ ਹੋਣ ਕਰਕੇ ਇਹ ਨਾਕਾਫੀ ਰਹਿੰਦਾ ਹੈ। ਇਸ ਲਈ ਪਰਵਾਸੀ ਮਜ਼ਦੂਰ ਹੀ ਝੋਨੇ ਦੀ ਲੁਆਈ ਦਾ ਅਸਲ ਕੰਮ ਸੰਭਾਲਦੇ ਹਨ। ਇਸ ਨਾਲ ਝੋਨੇ ਦੀ ਲੁਆਈ ਦਾ ਭਾਅ ਵੀ ਵੱਧ ਨਹੀਂ ਦੇਣਾ ਪੈਂਦਾ। ਇਸ ਦੇ ਉਲਟ ਇਸ ਵਾਰ ਪਰਵਾਸੀ ਮਜ਼ਦੂਰ ਨਾ ਹੋਣ ਕਰਕੇ ਝੋਨੇ ਦੀ ਲੁਆਈ ਦਾ ਭਾਅ ਵਧੇਗਾ ਕੇ ਕਿਸਾਨਾਂ ਦੀ ਖੱਜਲ-ਖੁਆਰੀ ਵੀ ਹੋਏਗੀ।

ਕੁਝ ਕਿਸਾਨ ਯੂਨੀਅਨਾਂ ਦੀ ਮੰਗ ਸਰਕਾਰ ਇਸ ਵਾਰ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਦੀ ਇਜਾਜ਼ਤ ਦੇਵੇ। ਇਸ ਨਾਲ ਝੋਨੇ ਦੀ ਲੁਆਈ ਦਾ ਸੀਜ਼ਨ ਲੰਮਾ ਹੋਏਗਾ ਤੇ ਲੇਬਰ ਦੀ ਇੱਕਦਮ ਮੰਗ ਵੀ ਨਹੀਂ ਵਧੇਗੀ।