ਚੰਡੀਗੜ੍ਹ: ਕੋਰੋਨਾ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ 'ਤੇ ਪੈ ਰਹੀ ਹੈ। ਇੱਕ ਪਾਸੇ ਕਿਸਾਨ ਕਣਕ ਦੇ ਮਾੜੇ ਖਰੀਦ ਪ੍ਰਬੰਧਾਂ ਕਰਕੇ ਖੱਜਲ-ਖੁਆਰ ਹੋ ਰਹੇ ਹਨ ਤੇ ਦੂਜੇ ਪਾਸੇ ਖਰੀਦ ਏਜੰਸੀਆਂ ਨਮੀ ਦੱਸ ਕੇ ਭਾਅ ਵਿੱਚ ਮੋਟਾ ਕੱਟ ਲਾ ਰਹੀਆਂ ਹਨ। ਇਸ ਕਰਕੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਕੇ ਕਿਸਾਨ ਕਰਫਿਊ ਦੀ ਪਰਵਾਹ ਨਾ ਕਰਦਿਆਂ ਸੜਕਾਂ 'ਤੇ ਆ ਰਹੇ ਹਨ।


ਉਧਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕੇਂਦਰ ਸਰਕਾਰ ਵੱਲੋਂ ਵਧੇਰੇ ਮੀਂਹ ਵਾਲੇ ਜ਼ਿਲ੍ਹਿਆਂ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੁਹਾਲੀ ’ਚ ਕਣਕ ਦੇ ਰੇਟ ਵਿੱਚ ਮਾਜੂ ਦਾਣਿਆਂ ਦੀ ਆੜ ਹੇਠ 4.81 ਰੁਪਏ ਤੋਂ 24.06 ਰੁਪਏ ਤਕ ਪ੍ਰਤੀ ਕੁਇੰਟਲ ਕਟੌਤੀ ਕਰਨ ਦੀ ਨਿੰਦਾ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਾਰਸ਼ ਨਾਲ ਫਸਲ ਗਿੱਲੀ ਹੋਈ ਹੈ ਤਾਂ ਇਸ ਲਈ ਸਰਕਾਰ ਦੇ ਮਾੜੇ ਖਰੀਦ ਪ੍ਰਬੰਧ ਹਨ।

ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪੰਜਾਬ ਸਰਕਾਰ ਨੇ ਮੁਆਵਜ਼ੇ ਦੇਣ ਦੀ ਗੱਲ਼ ਕਰਦਿਆਂ ਮਾਮਲਾ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ। ਉਧਰ, ਕੇਂਦਰ ਸਰਕਾਰ ਨੇ ਇਸ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ।