ਅੰਮ੍ਰਿਤਸਰ: ਪਾਕਿਸਤਾਨ ਤੋਂ ਵੈਸਾਖੀ ਮਨਾ ਕੇ ਆਏ ਹੁਣ ਤੱਕ ਅੱਧੇ ਸ਼ਰਧਾਲੂਆਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ, ਜਿਨ੍ਹਾਂ 'ਚੋਂ ਕੁਝ ਪੌਜ਼ੇਟਿਵ ਆਏ ਹਨ। ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਾਰਜਕਾਰੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਰਿਆਂ ਨੂੰ ਆਈਸੋਲੇਟ ਕੀਤਾ ਜਾਵੇਗਾ। ਪਾਕਿਸਤਾਨ ਤੋਂ ਆਏ ਯਾਤਰੀਆਂ 'ਚੋਂ ਪੌਜ਼ੇਟਿਵ ਯਾਤਰੀਆਂ ਨੂੰ ਬਾਕੀਆਂ ਦੇ ਨਾਲ ਹੀ ਅਟਾਰੀ ਤੋਂ ਅੰਮ੍ਰਿਤਸਰ ਦੀਆਂ ਬੱਸਾਂ 'ਚ ਭੇਜਿਆ ਜਾ ਰਿਹਾ ਹੈ। ਇਸ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਠੋਸ ਪ੍ਰਬੰਧ ਕਰਨੇ ਜਾਣੇ ਚਾਹੀਦੇ ਸੀ।


 


ਉਨ੍ਹਾਂ ਕਿਹਾ ਕਿ ਹਾਲਾਤਾਂ 'ਤੇ ਡੀਸੀ ਅੰਮ੍ਰਿਤਸਰ ਨਾਲ ਗੱਲ ਕੀਤੀ ਜਾਵੇਗੀ। ਜ਼ਰੂਰਤ ਪੈਣ 'ਤੇ ਸ਼੍ਰੋਮਣੀ ਕਮੇਟੀ ਦਾ ਇੱਕ ਹਸਪਤਾਲ ਹੈ, ਉਥੇ ਸਕਾਰਾਤਮਕ ਯਾਤਰੀਆਂ ਦਾ ਇਲਾਜ ਕੀਤਾ ਜਾਵੇਗਾ। ਗੁਰਦੁਆਰਿਆਂ 'ਚ ਭੀੜ 'ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਾਂ ਦੀ ਧਾਰਮਿਕ ਸਥਾਨਾਂ 'ਚ ਆਸਥਾ ਹੈ, ਉਹ ਲੋਕਾਂ ਨੂੰ ਇਨਕਾਰ ਨਹੀਂ ਕਰ ਸਕਦੇ। 



ਦਿੱਲੀ ਕਮੇਟੀ ਦੀਆਂ ਚੋਣਾਂ ਰੋਕਣ 'ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਨਗਰ ਕੀਰਤਨ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਪਹਿਲਾਂ ਪ੍ਰਚਾਰ ਚੱਲਦਾ ਰਿਹਾ, ਪਰ ਚੋਣਾਂ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ, ਕਿਉਂਕਿ ਕਿ ਅਕਾਲੀ ਦਲ ਜਿੱਤ ਰਿਹਾ ਸੀ। ਹਾਲਾਂਕਿ ਬੰਗਾਲ ਸਣੇ ਕਈ ਸੂਬਿਆਂ 'ਚ ਚੋਣਾਂ ਹੋ ਰਹੀਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤਾਂ ਇੱਕ ਦਿਨ 'ਚ ਹੀ ਪੂਰੀਆਂ ਹੋ ਜਾਣੀਆਂ ਸੀ। ਇਹ ਸਰਕਾਰ ਦੀ ਬੌਖਲਾਹਟ ਹੈ ਜਿਸ ਕਰਕੇ ਚੋਣਾਂ ਰੱਦ ਕੀਤੀਆਂ ਗਈਆਂ ਹਨ।