ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭਾਰਤ 'ਚ ਕੋਰੋਨਾ ਦੀ ਮੌਜੂਦਾ ਸਥਿਤੀ 'ਤੇ ਖੁਦ ਹੀ ਨੋਟਿਸ ਲੈਂਦਿਆਂ ਨੋਟਿਸ ਭੇਜਿਆ ਹੈ। ਸੁਪਰੀਮ ਕੋਰਟ ਆਕਸੀਜਨ, ਜ਼ਰੂਰੀ ਦਵਾਈਆਂ ਦੀ ਸਪਲਾਈ ਤੇ ਟੀਕਾਕਰਨ ਦੇ ਤਰੀਕਿਆਂ ਨਾਲ ਜੁੜੇ ਮੁੱਦਿਆਂ 'ਤੇ ਰਾਸ਼ਟਰੀ ਨੀਤੀ ਦੀ ਮੰਗ ਕਰਦੀ ਹੈ। ਅਦਾਲਤ ਨੇ ਕਿਹਾ ਕਿ ਕੋਵਿਡ ਨਾਲ ਜੁੜੇ ਮੁੱਦਿਆਂ ‘ਤੇ ਛੇ ਵੱਖ-ਵੱਖ ਹਾਈ ਕੋਰਟਾਂ ਦੀ ਸੁਣਵਾਈ ਕਿਸੇ ਕਿਸਮ ਦਾ ਭਰਮ ਪੈਦਾ ਕਰ ਸਕਦੀ ਹੈ।


 


ਸੁਪਰੀਮ ਕੋਰਟ ਨੇ ਕੋਵਿਡ-19 ਪ੍ਰਬੰਧਨ 'ਤੇ ਨੋਟਿਸ ਦੇ ਮਾਮਲੇ 'ਚ ਉਸ ਦੀ ਮਦਦ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਐਮਿਕਸ ਕਿਉਰੀ ਨਿਯੁਕਤ ਕੀਤਾ ਹੈ। ਅਦਾਲਤ ਹੁਣ ਇਸ ਮਾਮਲੇ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਕਿਹਾ ਹੈ ਕਿ ਉਹ ਕੋਵਿਡ-19 ਗਲੋਬਲ ਮਹਾਂਮਾਰੀ ਦੇ ਵਿਚਕਾਰ ਲੌਕਡਾਊਨ ਲਾਉਣ ਦੀ ਘੋਸ਼ਣਾ ਕਰਨ ਲਈ ਹਾਈਕੋਰਟ ਦੀ ਨਿਆਂਇਕ ਸ਼ਕਤੀ ਦੀ ਵੀ ਪੜਤਾਲ ਕਰੇਗੀ।


 


ਦੇਸ਼ ਭਰ 'ਚ 13 ਕਰੋੜ ਕੋਰੋਨਾ ਟੀਕੇ ਲਾਏ ਜਾਣ ਦੇ ਬਾਵਜੂਦ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 31,48,35 ਨਵੇਂ ਕੋਰੋਨਾ ਕੇਸ ਆਏ ਤੇ 2104 ਪੀੜਤਾਂ ਦੀ ਮੌਤ ਹੋ ਗਈ। ਹਾਲਾਂਕਿ 1,78,841 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ 259,167 ਨਵੇਂ ਕੇਸ ਆਏ ਸਨ।


 


ਪੀਐਮ ਮੋਦੀ ਦੀ ਸੂਬਾ ਸਰਕਾਰਾਂ ਨੂੰ ਅਪੀਲ


ਪੀਐਮ ਮੋਦੀ ਨੇ ਕਿਹਾ ਕਿ ਫਿਲਹਾਲ ਚੁਣੌਤੀਆਂ ਭਾਰੀ ਹਨ, ਪਰ ਇਸਦਾ ਮਿਲ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ। "ਮੈਂ ਸੂਬਿਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਵਰਤਣ। ਸਾਨੂੰ ਲੌਕਡਾਊਨ ਤੋਂ ਬਚਣ ਲਈ ਆਪਣੀ ਪੂਰੀ ਵਾਹ ਲਾਉਣੀ ਹੈ ਅਤੇ ਫੋਕਸ ਸਿਰਫ ਮਾਈਕਰੋ ਕੰਟੇਨਮੈਂਟ ਜ਼ੋਨ 'ਤੇ ਦੇਣਾ ਹੈ।"


 


ਪੀਐਮ ਮੋਦੀ ਨੇ ਕਿਹਾ ਕਿ "ਜਿਹੜੇ ਲੋਕ ਪਿਛਲੇ ਦਿਨੀਂ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਮੈਂ ਸਾਰੇ ਦੇਸ਼ ਵਾਸੀਆਂ ਦੀ ਤਰਫੋਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਇੱਕ ਪਰਿਵਾਰਕ ਮੈਂਬਰ ਵਜੋਂ, ਮੈਂ ਤੁਹਾਡੇ ਦੁੱਖ ਵਿੱਚ ਸ਼ਾਮਲ ਹਾਂ। ਚੁਣੌਤੀ ਵੱਡੀ ਹੈ ਪਰ ਸਾਨੂੰ ਆਪਣੇ ਦ੍ਰਿੜਤਾ, ਦਲੇਰੀ ਅਤੇ ਤਿਆਰੀ ਨਾਲ ਇਸ ਨੂੰ ਦੂਰ ਕਰਨਾ ਹੋਵੇਗਾ।"