ਕੋਲਕਾਤਾ: ਪੱਛਮੀ ਬੰਗਾਲ ਵਿੱਚ ਚੋਣ ਨਤੀਜੇ ਆਉਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਕੋਲਕਾਤਾ ਵਿਚ ਪੈਟਰੋਲ ਦੀ ਇਕ ਲੀਟਰ ਦੀ ਕੀਮਤ 'ਚ 14 ਪੈਸੇ ਦਾ ਵਾਧਾ ਹੋਇਆ ਹੈ। ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਹੁਣ 90.76 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 17 ਪੈਸੇ ਵਧ ਕੇ 83.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਬੰਗਾਲ ਵਿੱਚ 29 ਅਪਰੈਲ ਨੂੰ ਚੋਣਾਂ ਦਾ ਆਖ਼ਰੀ ਪੜਾਅ ਹੋਇਆ ਸੀ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਘੋਸ਼ਿਤ ਕੀਤੇ ਗਏ। ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਬੰਗਾਲ 'ਚ ਲਗਾਤਾਰ ਤੀਜੀ ਵਾਰ ਸੱਤਾ 'ਚ ਆਈ ਹੈ। 5 ਮਈ ਨੂੰ ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਚੋਣ ਵਿੱਚ, ਟੀਐਮਸੀ 292 ਵਿੱਚੋਂ 213 ਸੀਟਾਂ ਜਿੱਤ ਕੇ ਤੀਜੀ ਵਾਰ ਸੱਤਾ ਵਿੱਚ ਆਈ ਸੀ ਅਤੇ ਭਾਜਪਾ ਨੇ 77 ਸੀਟਾਂ ਜਿੱਤੀਆਂ।