ਮੈਲਬੌਰਨ: ਆਸਟਰੇਲੀਆ ਦੀ ਪੁਲਿਸ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਮੈਲਬਰਨ ਦੇ ਕੇਂਦਰੀ ਵਪਾਰ ਜ਼ਿਲ੍ਹਾ (ਸੀਬੀਡੀ) 'ਚ ਕਈ ਜਨਤਕ ਟ੍ਰਾਂਸਪੋਰਟ ਉਪਭੋਗਤਾਵਾਂ ਤੇ ਦੁਕਾਨਦਾਰਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਜੇਬ ਕਤਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜ੍ਹੇ ਗਏ ਇਸ ਗਰੋਹ ’ਚ ਦੋ ਭਾਰਤੀ ਨਾਗਰਿਕਾਂ ਸਣੇ ਸੱਤ ਲੋਕਾਂ ’ਤੇ ਦੋਸ਼ ਲਾਇਆ ਹੈ।


'ਦ ਏਜ' ਦੀ ਰਿਪੋਪਟ ਮੁਤਾਬਕ, ਚਾਰ ਆਦਮੀ ਤੇ ਤਿੰਨ ਔਰਤਾਂ, ਜਿਨ੍ਹਾਂ 'ਚ ਪੰਜ ਸ਼੍ਰੀਲੰਕਾ ਸ਼ਾਮਲ ਹਨ, ਦੀ ਉਮਰ 25 ਤੋਂ 28 ਸਾਲ ਦੇ ਵਿਚਾਲੇ ਹੈ। ਸਭ ਨੂੰ ਚੋਰੀ ਸਬੰਧੀ ਅਪਰਾਧ ਦੇ ਇਲਜ਼ਾਮ 'ਚ ਫੜਿਆ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਲ ਤੇ ਟ੍ਰਾਮ ਨੈੱਟਵਰਕ ਤੇ ਖਰੀਦਦਾਰੀ ਦੇ ਖੇਤਰਾਂ 'ਚ ਵਪਾਰੀਆਂ ਨਾਲ ਕਈ ਘਟਨਾਵਾਂ ਹੋਣ ਤੋਂ ਬਾਅਦ ਜਾਸੂਸਾਂ ਨੇ ਇਸ ਦੀ ਜਾਂਚ ਕੀਤੀ।

ਵਿਕਟੋਰੀਆ ਦੀ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਸਨਸ਼ਾਈਨ ਤੇ ਟਾਰਨੀਟ ਉੱਪ ਨਗਰਾਂ ਵਿੱਚ ਸੱਤ ਸ਼ੱਕੀਆਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਜਦੋਂਕਿ ਬਾਕੀ ਤਿੰਨਾਂ ਨੂੰ ਪਿਛਲੇ ਹਫਤੇ ਐਲਬੀਅਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਕਟੋਰੀਆ ਪੁਲਿਸ ਦੀ ਬੁਲਾਰੇ ਮੇਲਿਸਾ ਸੀਚ ਨੇ ਕਿਹਾ ਕਿ ਆਸਟਰੇਲਿਆਈ ਬਾਰਡਰ ਫੋਰਸ "ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇਣ" ਦਾ ਵਿਚਾਰ ਕਰ ਸਕਦੀ ਹੈ।