ਗਗਨਦੀਪ ਸ਼ਰਮਾ


ਅੰਮ੍ਰਿਤਸਰ: ਪਾਕਿਸਤਾਨ ਤੋਂ ਵਿਸਾਖੀ ਦਿਹਾੜਾ ਮਨਾ ਕੇ ਪਰਤੇ ਸਿੱਖ ਸ਼ਰਧਾਲੁੂਆਂ ਦੀ ਅੱਜ ਅਟਾਰੀ ਵਿਖੇ ਸਥਿਤ ਆਈਸੀਪੀ 'ਚ ਕੋਰੋਨਾ ਟੈਸਟ ਬਾਬਤ ਤਕਰਾਰਬਾਜ਼ੀ ਹੋ ਗਈ। ਜਿਸ ਕਰਕੇ ਡਾਕਟਰੀ ਅਮਲੇ ਨੇ ਬਾਕੀ ਦੇ ਕਰੀਬ 150/160 ਸ਼ਰਧਾਲੂਆਂ ਦੇ ਟੈਸਟ ਕਰਨ ਦਾ ਕੰਮ ਵਿਚਾਲੇ ਛੱਡ ਦਿੱਤਾ ਤੇ ਵਾਪਸ ਅੰਮ੍ਰਿਤਸਰ ਸਿਵਲ ਸਰਜਨ ਦਫਤਰ ਵਾਪਸ ਆ ਗਏ। ਹਾਲਾਂਕਿ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਡਾਕਟਰਾਂ ਵੱਲੋਂ 650 ਸ਼ਰਧਾਲੂਆਂ ਦੀ ਜਾਂਚ ਕੀਤੀ ਜਾ ਚੁੱਕੀ ਸੀ, ਜਿਨਾਂ 'ਚੋਂ 200 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ।


 


ਅੱਜ ਸਵੇਰ ਤੋਂ ਪਾਕਿਸਤਾਨ ਤੋਂ ਅਟਾਰੀ ਵਾਹਘਾ ਸਰਹੱਦ ਰਸਤਿਓਂ ਸ਼ਰਧਾਲੂ ਪਰਤ ਰਹੇ ਹਨ। ਉਨਾਂ ਦੇ ਕੋਵਿਡ ਦੇ ਰੈਪਿਡ ਟੈਸਟ ਕਰਵਾਏ ਜਾਣ ਸੰਬੰਧੀ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਪੰਜ ਟੀਮਾਂ ਅਟਾਰੀ ਵਿਖੇ ਤੈਨਾਤ ਕੀਤੀ ਗਈਆਂ। ਇਹ ਟੀਮਾਂ ਨਾਲੋਂ-ਨਾਲ ਸ਼ਰਧਾਲੂਆਂ ਦੇ ਕੋਵਿਡ ਦੇ ਰੈਪਿਡ ਟੈਸਟ ਕਰ ਰਹੀਆਂ ਸੀ। ਨੈਗੇਟਿਵ ਰਿਪੋਰਟ ਵਾਲੇ ਸ਼ਰਧਾਲੂਆਂ ਨੂੰ ਬਾਹਰ ਭੇਜਿਆ ਜਾ ਰਿਹਾ ਸੀ। ਇਸੇ ਦਰਮਿਆਨ ਦੁਪਹਿਰ ਕਰੀਬ ਤਿੰਨ ਵਜੇ ਕੁਝ ਸ਼ਰਧਾਲੂਆਂ ਤੇ ਡਾਕਟਰਾਂ ਵਿਚਾਲੇ ਤਕਰਾਰਬਾਜ਼ੀ ਹੋ ਗਈ, ਜਿਸ ਕਾਰਨ ਡਾਕਟਰਾਂ ਦੀਆਂ ਟੀਮਾਂ ਨੇ ਸੈਂਪਲਿੰਗ ਦਾ ਕੰਮ ਵਿਚਾਲੇ ਰੋਕ ਦਿੱਤਾ।


 


ਮੈਡੀਕਲ ਟੀਮ 'ਚ ਤੈਨਾਤ ਡਾ. ਅਨੂਪ੍ਰੀਤ, ਸੀਅੇੈਚਓ ਸੰਦੀਪ ਕੌਰ ਤੇ ਸਟਾਫ ਨਰਸ ਗੁਰਜੀਤ ਕੌਰ ਨੇ ਦੱਸਿਆ ਉਨਾਂ ਵਲੋਂ ਲਗਾਤਾਰ ਸ਼ਰਧਾਲੂਆਂ ਦੇ ਟੈਸਟ ਕੀਤੇ ਜਾ ਰਹੇ ਸੀ ਤਾਂ ਇਸ ਦੌਰਾਨ ਕੁਝ ਸ਼ਰਧਾਲੂਆਂ ਨੇ ਰਿਪੋਰਟ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਤੇ ਡਾਕਟਰੀ ਅਮਲੇ ਨਾਲ ਤਕਰਾਰਬਾਜੀ ਸ਼ੁਰੂ ਕਰ ਦਿੱਤੀ। ਨਾਲ ਹੀ ਖਿੱਚਧੂਹ ਵੀ ਕੀਤੀ। ਟੀਮ ਨੇ ਇਲਜ਼ਾਮ ਲਾਇਆ ਕਿ ਕੁਝ ਸ਼ਰਧਾਲੂਆਂ ਨੇ ਉਨਾਂ ਦਾ ਡਾਕਟਰੀ ਰਿਕਾਰਡ ਵੀ ਫਾੜ ਦਿੱਤਾ, ਜਿਸ ਕਾਰਨ ਉਹ ਆਪਣਾ ਬਚਾ ਕਰਨ ਲਈ ਦੋੜ ਕੇ ਆਪਣੇ ਵਹੀਕਲਾਂ 'ਤੇ ਬੈਠ ਕੇ ਵਾਪਸ ਆ ਗਏ ਤੇ ਟੈਸਟਿੰਗ ਬੰਦ ਕਰ ਦਿੱਤੀ।


 


ਸਾਰਾ ਮਾਮਲਾ ਲਿਖਤੀ ਤੌਰ 'ਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਦੇ ਧਿਆਨ 'ਚ ਲਿਆ ਦਿੱਤਾ ਹੈ, ਜਦਕਿ ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਵਧੀਕ ਸਿਵਲ ਸਰਜਨ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰਨਗੇ। ਤੇ ਜ਼ਿਲ੍ਹੇ ਦੇ ਡੀਸੀ ਤੇ ਉਚ ਅਧਿਕਾਰੀਆਂ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਹੈ। ਕਾਨੂੰਨੀ ਕਾਰਵਾਈ 'ਤੇ ਵਿਚਾਰ ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਹੋਵੇਗਾ।