ਨਵੀਂ ਦਿੱਲੀ: ਦੇਸ਼ ਅੱਜ ਗਣਤੰਤਰ ਦਿਵਸ ਦੀ 71ਵੀਂ ਸਾਲਗਿਰ੍ਹਾ ਮਨਾ ਰਿਹਾ ਹੈ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਰਾਜਧਾਨੀ ਦਿੱਲੀ ਦੇ ਰਾਜਪੱਥ 'ਤੇ ਗ੍ਰੈਂਡ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਪਰੇਡ 'ਚ ਦੇਸ਼ ਦੀ ਸੈਨਾ ਦੀ ਤਾਕਤ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੀ ਲੋਕ ਪਰੰਪਰਾ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ਇਸ ਵਾਰ ਗਣਤੰਤਰ ਦਿਵਸ ਦੀ ਪਰੇਡ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਜੇਅਰ ਮੇਸਿਆਸ ਬੋਲਸੋਨਾਰੋ ਮੁੱਖ ਮਹਿਮਾਨ ਹਨ, ਜੋ ਖੁਦ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਬ੍ਰਾਜ਼ੀਲ ਆਰਮੀ 'ਚ ਅਫਸਰ ਸਨ।


ਸਵੇਰੇ ਠੀਕ 10 ਵਜੇ ਪਰੇਡ ਦੀ ਸ਼ੁਰੂਆਤ ਹੋ ਜਾਵੇਗੀ, ਲੇਕਿਨ ਉਸ ਤੋਂ ਪਹਿਲਾਂ ਪ੍ਰਧਾਨਮੰਤਰੀ, ਰੱਖਿਆ ਮੰਤਰੀ, ਚੀਫ ਆਪ ਡਿਫੈਂਸ ਸਟਾਫ ਅਤੇ ਤਿੰਨੋਂ ਸੈਨਾਵਾਂ ਦੇ ਮੁੱਖੀ ਨੈਸ਼ਨਲ ਵਾਰ ਮੈਮੋਰਿਅਲ 'ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਜਪੱਥ 'ਤੇ ਪਹੁੰਚਣਗੇ ਤੇ ਦੇਸ਼ ਦੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਮੁੱਖ ਮਹਿਮਾਨ ਦਾ ਗਣਤੰਤਰ ਦਿਵਸ ਦੇ ਸਮਾਗਮ 'ਤੇ ਸਵਾਗਤ ਕਰਨਗੇ।

ਇਹ ਪਹਿਲੀ ਵਾਰ ਹੈ ਜਦ ਗਣਤੰਤਰ ਦਿਵਸ ਸਮਾਗਮ 'ਤੇ ਪ੍ਰਧਾਨ ਮੰਤਰੀ ਰਾਸ਼ਟਰੀ ਸਮਰ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਹੁਣ ਤੱਕ ਇੰਡੀਆ ਗੇਟ 'ਤੇ ਸਥਿਤ ਅਮਰ ਜਵਾਨ ਜੋਤੀ ਹੀ ਸ਼ਹੀਦਾਂ ਦੀ ਸਮਾਧੀ ਸਥਾਨ ਮੰਨਿਆ ਜਾਂਦਾ ਸੀ। ਲੇਕਿਨ ਪਿਛਲੇ ਸਾਲ 25 ਫਰਵਰੀ ਨੂੰ ਖੁਦ ਪੀਐਮ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਅਜਿਹੇ 'ਚ ਹੁਣ ਸ਼ਹੀਦਾਂ ਦਾ ਸਮਾਧੀ ਸਥਲ ਨੈਸ਼ਨਲ ਵਾਰ ਮੈਮੋਰਿਅਲ ਹੋ ਗਿਆ ਹੈ।