ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਸਾਮ ਅਤੇ ਬੰਗਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੋਵਾਂ ਰਾਜਾਂ ਵਿੱਚ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਪੱਛਮੀ ਬੰਗਾਲ ਦੇ ਹੁਗਲੀ 'ਚ ਕਈ ਰੇਲ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇਸ ਦੇ ਨਾਲ, ਪ੍ਰਧਾਨ ਮੰਤਰੀ ਕੋਲਕਾਤਾ ਮੈਟਰੋ ਨੂੰ ਨੋਆਪਾੜਾ ਤੋਂ ਦੱਖਣੀਸ਼ਵਰ ਨੂੰ ਹਰੀ ਝੰਡੀ ਦੇਣਗੇ। ਤਕਰੀਬਨ 4 ਕਿਲੋਮੀਟਰ ਦੇ ਇਸ ਪਸਾਰ ਦਾ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਿਰਮਾਣ ਕੀਤਾ ਗਿਆ ਹੈ ਅਤੇ ਇਸ 'ਤੇ 464 ਕਰੋੜ ਰੁਪਏ ਦੀ ਲਾਗਤ ਆਈ ਹੈ।


 


ਇਹ ਨਵਾਂ ਵਿਸਥਾਰ ਲੱਖਾਂ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਕਾਲੀਘਾਟ ਅਤੇ ਦੱਖਣੀਸ਼ਵਰ ਸਥਿਤ ਦੋ ਵਿਸ਼ਵ ਪ੍ਰਸਿੱਧ ਕਾਲੀ ਮੰਦਰਾਂ 'ਚ ਪਹੁੰਚਣਾ ਸੌਖਾ ਬਣਾਏਗਾ। ਖੁਦ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਉਦਘਾਟਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ। ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਮੈਟਰੋ ਵਿਸਥਾਰ ਦਾ ਉਦਘਾਟਨ ਹੁਗਲੀ ਤੋਂ ਹੋਵੇਗਾ। ਇਹ ਪ੍ਰਾਜੈਕਟ ਵਿਸ਼ੇਸ਼ ਹੈ ਕਿਉਂਕਿ ਇਹ ਮਾਂ ਕਾਲੀ, ਕਾਲੀਘਾਟ ਅਤੇ ਦੱਖਣੀਸ਼ਵਰ ਦੇ ਦੋ ਪਵਿੱਤਰ ਮੰਦਰਾਂ ਵਿਚਕਾਰ ਆਵਾਜਾਈ ਦੀ ਸਹੂਲਤ ਦੇਵੇਗਾ। ਇਹ ਮੰਦਰ ਭਾਰਤ ਦੇ ਮਹਾਨ ਸਭਿਆਚਾਰ ਦੇ ਜੀਵੰਤ ਪ੍ਰਤੀਕ ਹਨ। 


 


ਪੀਐਮ ਮੋਦੀ ਨੇ ਟਵੀਟ ਕੀਤਾ ਹੈ, "ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਬਾਰਾਨਗਰ ਅਤੇ ਦੱਖਣੀਸ਼ਵਰ ਦੇ ਦੋ ਨਵੇਂ ਬਣੇ ਸਟੇਸ਼ਨਾਂ ਵਿੱਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਹਨ ਜੋ ਜ਼ਿੰਦਗੀ ਨੂੰ ਸੌਖਾ ਬਣਾ ਦੇਣਗੀਆਂ। ਉਨ੍ਹਾਂ ਦਾ ਸ਼ਾਸਤਰਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।''


 


ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਗਲੀ ਦੇ ਡਨਲਪ ਗਰਾਉਂਡ ਵਿਖੇ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਆਪਣੇ ਬੰਗਾਲ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਈ ਹੋਰ ਰੇਲਵੇ ਲਾਈਨਾਂ ਸਮਰਪਿਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਬੰਗਾਲ 'ਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸੀਐਮ ਮਮਤਾ ਬੈਨਰਜੀ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖ ਰਹੇ ਹਨ ਕਿਉਂਕਿ ਚੋਣ ਤਰੀਕ ਦੀ ਘੋਸ਼ਣਾ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਸਰਕਾਰਾਂ ਕੋਈ ਐਲਾਨ ਨਹੀਂ ਕਰ ਸਕਣਗੀਆਂ।