ਅੰਮ੍ਰਿਤਸਰ: ਇੱਥੋਂ ਦੀ ਸਬਜ਼ੀ ਮੰਡੀ (Sabji mandi) ‘ਚ ਭੀੜ ਪਹਿਲੇ ਦੋ ਦਿਨਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ ਕਿਉਂਕਿ ਦੋ ਦਿਨ ਪਹਿਲਾਂ ਸਬਜ਼ੀ ਮੰਡੀ ‘ਚ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ (social media) ‘ਚ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਸਥਾਨਕ ਪੁਲਿਸ (Amritsar police) ਦੀ ਕਾਫ਼ੀ ਫ਼ਜ਼ੀਹਤ ਹੋਈ ਸੀ। ਇਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਅੱਜ ਸਬਜ਼ੀ ਮੰਡੀ ‘ਚ ਤੜਕਸਾਰ ਤੋਂ ਹੀ ਵੱਡੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕਰਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਅੱਜ ਸਵੇਰ ਤੋਂ ਹੀ ਸਬਜ਼ੀ ਮੰਡੀ ਦੇ ‘ਚ ਪ੍ਰਚੂਨ ਸਬਜ਼ੀ ਲੈਣ ਆਉਣ ਵਾਲੇ ਲੋਕਾਂ ਨੂੰ ਮੰਡੀ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।

ਇਸ ਦੇ ਨਾਲ ਹੀ ਪਿੰਡਾਂ ਵਿੱਚੋਂ ਸਬਜ਼ੀ ਲੈ ਕੇ ਆਉਣ ਵਾਲੇ ਤੇ ਸ਼ਹਿਰਾਂ ਦੇ ਦੁਕਾਨਦਾਰਾਂ ਨੂੰ ਜਿਨ੍ਹਾਂ ਦੇ ਕਰਫਿਊ ਪਾਸ ਬਣੇ ਹੋਏ ਸੀ, ਸਿਰਫ ਉਨ੍ਹਾਂ ਨੂੰ ਹੀ ਸਬਜ਼ੀ ਮੰਡੀ ‘ਚ ਦਾਖਲ ਹੋਣ ਦੀ ਇਜਾਜ਼ਤ ਮਿਲੀ। ਪ੍ਰਚੂਨ ਸਬਜ਼ੀ ਲੈਣ ਆਉਣ ਵਾਲਿਆਂ ਨੂੰ ਮੰਡੀ ‘ਚ ਦਾਖਲ ਨਾ ਹੋਣ ਦੇਣ ਕਰਕੇ ਸਬਜ਼ੀ ਵਿਕਰੇਤਾਵਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪ੍ਰਚੂਨ ਗ੍ਰਾਹਕ ਨੂੰ ਮੰਡੀ ‘ਚ ਨਾ ਆਉਣ ਦੇਣ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਹੀ ਸਬਜ਼ੀ ਵੇਚਣ ਦਾ ਸਮਾਂ ਪ੍ਰਸ਼ਾਸਨ ਵੱਲੋਂ ਘੱਟ ਦਿੱਤਾ ਗਿਆ ਹੈ ਤੇ ਦੂਸਰਾ ਸਮਾਂ ਘੱਟ ਹੋਣ ਕਰਕੇ ਉਨ੍ਹਾਂ ਦੀ ਸਬਜ਼ੀ ਖਰਾਬ ਹੋ ਰਹੀ ਹੈ। ਉਧਰ, ਦੂਜੇ ਪਾਸੇ ਕੁਝ ਦੁਕਾਨਦਾਰਾਂ ਨੇ ਪੁਲਿਸ ਦੇ ਇਨ੍ਹਾਂ ਪ੍ਰਬੰਧਾਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਭੀੜ ਘਟਾਉਣ ਲਈ ਇਸ ਤਰ੍ਹਾਂ ਦੇ ਕਦਮ ਚੁੱਕਣੇ ਹੀ ਪੈਣਗੇ ਕਿਉਂਕਿ ਭੀੜ ਵਿੱਚ ਪਤਾ ਨਹੀਂ ਹੈ ਕਿ ਕੌਣ ਬਿਮਾਰ ਹੈ ਜਾਂ ਕੋਰੋਨਾ ਪੀੜਤ ਹੈ।

ਇਸ ਦੇ ਨਾਲ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਕਿ ਦੇਰ ਰਾਤ ਤੋਂ ਲੈ ਕੇ ਸਵੇਰ ਤਕ ਮੰਡੀ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੀ ਜਰੂਰਤ ਵੀ ਪੂਰੀ ਹੋ ਸਕੇ ਤੇ ਭੀੜ ਵੀ ਘੱਟ ਹੋਵੇ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਬਜ਼ੀ ਮੰਡੀ ਦੇ ‘ਚ ਵਧਦੀ ਹੋਈ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 100 ਤੋਂ ਜ਼ਿਆਦਾ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਮੰਡੀ ‘ਚ ਜ਼ਿਆਦਾ ਭੀੜ ਇਕੱਠੀ ਨਾ ਹੋਵੇ। ਇਸ ਦੇ ਨਾਲ ਹੀ ਬੀਤੇ ਦਿਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ 15 ਦੇ ਕਰੀਬ ਸਬਜ਼ੀ ਵਿਕਰੇਤਾਵਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।