ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਬਾਰੇ ਦਿੱਲੀ ਪੁਲਿਸ ਤੇ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ ਹੋਈ ਹੈ। ਪੁਲਿਸ ਨੇ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਨਹੀਂ ਦੇ ਸਕਦੀ ਪਰ ਉਹ ਕੇਐਮਪੀ ਹਾਈਵੇ ‘ਤੇ ਪਰੇਡ ਕਰ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੇ ਰਿੰਗ ਰੋਡ ’ਤੇ ਪਰੇਡ ਲਈ ਬਜ਼ਿੱਦ ਹਨ। ਹੁਣ ਕੱਲ੍ਹ ਫਿਰ ਮੀਟਿੰਗ ਹੋਵੇਗੀ।


ਕਿਸਾਨ ਲੀਡਰਾਂ ਨਾਲ ਦਿੱਲੀ ਦੇ ਜੁਆਇੰਟ ਪੁਲਿਸ ਕਮਿਸ਼ਨਰ (ਉੱਤਰੀ ਰੇਂਜ) ਐਸਐਸ ਯਾਦਵ ਦੀ ਅਗਵਾਈ ਹੇਠ ਪੁਲਿਸ ਨੇ ਮੀਟਿੰਗ ਕੀਤੀ। ਮੀਟਿੰਗ ਸਿੰਘੂ ਸਰਹੱਦ ਦੇ ਨਜ਼ਦੀਕ ਮੰਤਰਮ ਰਿਜ਼ੋਰਟ ਵਿਖੇ ਹੋਈ। ਇਸੇ ਤਰ੍ਹਾਂ ਦੀ ਮੀਟਿੰਗ ਬੁੱਧਵਾਰ ਨੂੰ ਯੂਨੀਅਨ ਦੇ ਨੇਤਾਵਾਂ ਤੇ ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਹੋਈ ਸੀ।

ਕਿਸਾਨਾਂ ਨੇ ਬਣਵਾ ਲਏ ਟਰੱਕਾਂ ਦੇ ਇੰਜਣਾਂ ਵਾਲੇ ਟਰੈਕਟਰ, ਟਰਬੋ ਚਾਰਜ਼ ਨਾਲ 100 ਕਿਲੋਮੀਟਰ ਦੀ ਸਪੀਡ

ਕਿਸਾਨ ਯੂਨੀਅਨਾਂ ਨੇ ਪੁਲਿਸ ਅਫਸਰਾਂ ਵੱਲੋਂ ਦਿੱਲੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ’ਤੇ ਰੈਲੀ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ 26 ਜਨਵਰੀ ਦਾ ਟਰੈਕਟਰ ਪਰੇਡ ਦਾ ਪ੍ਰੋਗਰਾਮ ਤੇ ਹੋਰ ਐਲਾਨ ਉਵੇਂ ਹੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਪਰ ਟਰੈਕਟਰ ਪਰੇਡ ਨੂੰ ਲੈ ਕੇ ਖਾਸਾ ਦਬਾਅ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ