ਮਨਵੀਰ ਕੋਰ ਰੰਧਾਵਾ


ਚੰਡੀਗੜ੍ਹ: ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਨੂੰ ਨਸ਼ਾ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਦੀ ਸਰਕਾਰ ਐਲਾਨਿਆ ਸੀ। ਹੁਣ ਕਾਂਗਰਸ ਸਰਕਾਰ ਇਨ੍ਹਾਂ ਵਿੱਚੋਂ ਕਿਸੇ ਮੁੱਦੇ 'ਤੇ ਵੀ ਕੋਈ ਠੋਸ ਕਦਮ ਨਹੀਂ ਚੁੱਕ ਸਕੀ। ਜਦੋਂ ਕਾਂਗਰਸੀ ਵਿਧਾਇਕ ਆਪਣੇ ਹਲਕਿਆਂ ਦੇ ਪਿੰਡਾਂ ਤੇ ਸ਼ਹਿਰਾਂ 'ਚ ਜਾਂਦੇ ਹਨ ਤਾਂ ਲੋਕ ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਤੋਂ ਹੀ ਸਵਾਲ ਕਰਦੇ ਹਨ। ਇਸ ਕਾਰਨ ਪ੍ਰੇਸ਼ਾਨ ਹੋ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ 'ਚ ਆਪਣੀ ਸਾਰੀ ਨਿਰਾਸ਼ਾ ਜ਼ਾਹਿਰ ਕਰ ਦਿੱਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਆਦਾਤਰ ਸਦਨ ਤੋਂ ਗੈਰ ਹਾਜ਼ਰ ਰਹੇ। ਇਸ ਲਈ ਉਨ੍ਹਾਂ ਕਿਸੇ ਵੀ ਵਿਧਾਇਕ ਨੂੰ ਜਵਾਬ ਨਹੀਂ ਦਿੱਤਾ। ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ, ਬਰਿੰਦਰਮੀਤ ਸਿੰਘ ਪਾਹੜਾ, ਸੁਖਜਿੰਦਰ ਸਿੰਘ ਰੰਧਾਵਾ ਸਭ ਨੇ ਆਪਣੀ ਸਰਕਾਰ 'ਤੇ ਹਮਲਾ ਕੀਤਾ ਤੇ ਮੁੱਖ ਮੰਤਰੀ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਦੇ ਇਸ ਹਮਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਹੀ ਬਣਾ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਗਿਣਤੀ 'ਚ ਮੁੱਖ ਵਿਰੋਧੀ ਪਾਰਟੀ ‘ਆਪ’ ਨਾਲੋਂ ਘੱਟ ਹੋਵੇ, ਪਰ ਅਕਾਲੀ ਦਲ ਸਰਕਾਰ ਦੇ ਮੰਤਰੀਆਂ ਨੂੰ ਘੇਰਨ 'ਚ ਅੱਗੇ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ੇਸ਼ ਤੌਰ 'ਤੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ, ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਨਿਸ਼ਾਨੇ 'ਤੇ ਰੱਖਿਆ। ਇਨ੍ਹਾਂ ਤਿੰਨਾਂ ਮੰਤਰੀਆਂ 'ਤੇ ਲੱਗੇ ਦੋਸ਼ਾਂ ਦੀ ਵਿਆਖਿਆ ਕਰਨ ਲਈ ਸਦਨ ਵਿੱਚ ਕਾਫ਼ੀ ਸਮਾਂ ਬਤੀਤ ਹੋਇਆ।

ਤਿੰਨ ਵਿਰੋਧੀ ਪਾਰਟੀਆਂ 'ਆਪ', ਅਕਾਲੀ-ਭਾਜਪਾ ਗੱਠਜੋੜ ਤੇ ਲੋਕ ਇਨਸਾਫ ਪਾਰਟੀ ਇੱਕ-ਦੂਜੇ ਨੂੰ ਪਛਾੜਨ ਲਈ ਮੁਕਾਬਲਾ ਕਰ ਰਹੀਆਂ ਸੀ। ਉਨ੍ਹਾਂ ਸਦਨ ਅੰਦਰ ਸਿਰਫ ਮਸਲਿਆਂ ਨੂੰ ਹੀ ਨਹੀਂ ਉਠਾਇਆ, ਸਦਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਰਟੀਆਂ ਨੇ ਹਰ ਦਿਨ ਇੱਕ ਮੁੱਦਾ ਪ੍ਰਦਰਸ਼ਤ ਕਰਕੇ ਮੀਡੀਆ 'ਚ ਆਪਣੀ ਜਗ੍ਹਾ ਬਣਾਈ ਰੱਖੀ।