ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਗੁਰਧਾਮਾਂ 'ਤੇ ਮਹੰਤਾਂ ਦਾ ਕਬਜ਼ਾ ਸੀ। ਉਨ੍ਹਾਂ ਕਿਹਾ ਕਿ 1920 'ਚ ਸ਼੍ਰੋਮਣੀ ਅਕਾਲੀ ਦਲ ਬਣਿਆ ਜੋ ਦੇਸ਼ ਦੀ ਸਭ ਤੋਂ ਪੁਰਾਣੀ ਦੂਜੀ ਪਾਰਟੀ ਹੈ। ਹੁਣ ਲੋਕ ਐਸਜੀਪੀਸੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਐਕਟ ਤੇ ਸਰਕਾਰ ਦੀ ਨਿਗਰਾਨੀ 'ਚ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਹਨ। 100 ਸਾਲ ਤੋਂ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਤੋਂ ਬਾਅਦ ਵੀ ਬਾਦਲ ਪਰਿਵਾਰ 'ਤੇ ਇਲਜ਼ਾਮ ਲਾਉਣ ਦਾ ਕੀ ਮਤਲਬ।
ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਲੋਕਾਂ ਨੂੰ ਸ਼੍ਰੋਅਦ 'ਤੇ ਯਕੀਨ ਹੈ। ਬਾਦਲ ਪਰਿਵਾਰ ਨੇ ਵਰਕਰ ਬਣਕੇ ਸੇਵਾ ਕੀਤੀ ਹੈ। ਸਰਪੰਚ ਤੋਂ ਸੀਐਮ ਬਣੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਅੱਗੇ ਹੋ ਕੇ ਜੰਗ ਲੜੀ ਹੈ। ਸੁਖਬੀਰ ਨੇ ਇਸ ਮੌਕੇ ਢੀਂਡਸਾ ਪਰਿਵਾਰ 'ਤੇ ਤਨਜ਼ ਕਰਦਿਆਂ ਕਿਹਾ ਕਿ ਮੇਰੇ ਪਿਤਾ ਨੇ ਉਨ੍ਹਾਂ ਨੂੰ ਕਦੇ ਕਿਸੇ ਕੰਮ ਤੋਂ ਇਨਕਾਰ ਨਹੀਂ ਕੀਤਾ। ਢੀਂਡਸਾ 30 ਸਾਲ ਤੋਂ ਚੋਣਾਂ ਲੜ ਰਹੇ ਹਨ ਤੇ ਸਿਰਫ ਇੱਕ ਵਾਰ ਜਿੱਤੇ, ਪਰ ਬਾਦਲ ਸਾਹਬ ਨੇ ਉਨ੍ਹਾਂ ਨੂੰ ਕਦੇ ਅਜਿਹਾ ਮਹਿਸੂਸ ਨਹੀਂ ਕਰਵਾਇਆ ਤੇ ਉਨ੍ਹਾਂ ਨੂੰ ਚੇਅਰਮੈਨ ਬਣਾਇਆ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਢੀਂਡਸਾ ਪਰਿਵਾਰ ਦੀ ਭਾਸ਼ਾ ਬਦਲ ਗਈ ਹੈ ਤੇ ਉਨ੍ਹਾਂ ਦਾ ਨਿਸ਼ਾਨਾ ਸਿਰਫ ਸ਼੍ਰੋਅਦ ਨੂੰ ਜਿੱਤਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਜੋ ਜਨਤਾ ਦੀ ਸੇਵਾ ਕਰਦਾ ਹੈ, ਉਸ ਨੂੰ ਕੋਈ ਹਰਾ ਨਹੀਂ ਸਕਦਾ। ਇਸ ਤੋਂ ਇਲਾਵਾ ਉਨ੍ਹਾ ਨੇ ਇੱਥੇ ਵੱਖ-ਵੱਖ ਮੁੱਦਿਆਂ 'ਤੇ ਕਾਂਗਰਸ ਸਰਕਾਰ ਨੂੰ ਵੀ ਲਪੇਟੇ 'ਚ ਲਿਆ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਸਾਲਾ 'ਚ ਬਿਜਲੀ ਵਿਭਾਗ ਨੂੰ ਤਬਾਹ ਕਰ ਦਿੱਤਾ ਹੈ। ਸਾਡੇ ਸਮੇਂ ਬਿਜਲੀ ਦੀ ਦਰ ਸਾਢੇ ਪੰਜ ਰੁਪਏ ਸੀ ਜੋ ਹੁਣ ਸਾਢੇ ਸੱਤ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਸਮੇਂ ਕੀਤੇ ਆਪਣੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ।