ਪਟਨਾ: ਬਿਹਾਰ ਬੀਜੇਪੀ ਦੇ ਇੰਚਾਰਜ ਭੁਪੇਂਦਰ ਯਾਦਵ ਵੱਲੋਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਦੇ ਟੁੱਟਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਸ਼ਿਵਾਨੰਦ ਤਿਵਾਰੀ ਨੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਹਿੰਮਤ ਹੈ, ਤਾਂ ਭਾਜਪਾ, ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੂੰ ਤੋੜ ਕੇ ਵਿਖਾਏ।


ਸ਼ਿਵਾਨੰਦ ਤਿਵਾਰੀ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਆਪਣਾ ਘਰ ਵੇਖਣਾ ਚਾਹੀਦਾ ਹੈ ਕਿਉਂਕਿ ਐਨਡੀਏ ’ਚ ਫੁੱਟ ਸਪੱਸ਼ਟ ਵਿਖਾਈ ਦੇ ਰਹੀ ਹੈ। ਐਨਡੀਏ ਦਾ ਅੰਦਰੂਨੀ ਕਾਟੋ-ਕਲੇਸ਼ ਜੱਗ-ਜ਼ਾਹਿਰ ਹੈ ਤੇ ਇਹ ਗੱਠਜੋੜ ਕਦੋਂ ਤੱਕ ਚੱਲੇਗਾ, ਇਹ ਭੁਪੇਂਦਰ ਯਾਦਵ ਵੀ ਨਹੀਂ ਦੱਸ ਸਕਦੇ।




ਕਾਰਜਕਾਰਨੀ ਦੀ ਮੀਟਿੰਗ ’ਚ ਕਈ ਮੈਂਬਰਾਂ ਨੇ ਭਾਜਪਾ ਉੱਤੇ ‘ਪਿੱਠ ’ਚ ਛੁਰਾ ਮਾਰਨ’ ਜਿਹੇ ਗੰਭੀਰ ਦੋਸ਼ ਵੀ ਲਾਏ। ਇਹ ਵੀ ਆਖਿਆ ਗਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਬਿਆਨ ਵੀ ਆਖ ਰਿਹਾ ਹੈ ਕਿ ਗੱਠਜੋੜ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਇਸ ਤੋਂ ਪਹਿਲਾਂ ਗੱਠਜੋੜ ’ਚ ਅਜਿਹਾ ਕਦੇ ਨਹੀਂ ਹੋ ਸਕਿਆ। ਮੰਤਰੀ ਮੰਡਲ ਦਾ ਗਠਨ ਤੱਕ ਹਾਲੇ ਮੁਕੰਮਲ ਨਹੀਂ ਹੋ ਸਕਿਆ। ਮੰਤਰੀ ਵਿਭਾਗਾਂ ਦੇ ਬੋਝ ਹੇਠਾਂ ਦੱਬੇ ਹੋਏ ਹਨ।


ਰਾਸ਼ਟਰੀ ਜਨਤਾ ਦਲ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਪਹਿਲੀ ਵਾਰ ਬਿਹਾਰ ਦੇ ਮੰਤਰੀ ਬਣੇ ਹਨ, ਉਨ੍ਹਾਂ ਨੂੰ ਤਜਰਬਾ ਨਹੀਂ ਤੇ ਸਰਕਾਰ ਅਧਿਕਾਰੀ ਹੀ ਚਲਾ ਰਹੇ ਹਨ।