Dr Manmohan Singh: ਆਮ ਆਦਮੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਹਾਜ਼ਰੀ ਲਾਉਣ ਦੀ ਆਮ ਆਦਮੀ ਪਾਰਟੀ ਨੇ ਖੂਬ ਪ੍ਰਸ਼ੰਸਾ ਕੀਤੀ ਹੈ। ਡਾ. ਮਨਮੋਹਨ ਸਿੰਘ ਬਿਮਾਰੀ ਦੀ ਹਾਲਤ ਵਿੱਚ ਵੀ ਰਾਜ ਸਭਾ ਵਿੱਚ ਦਿੱਲੀ ਸੇਵਾਵਾਂ ਬਾਰੇ ਬਿੱਲ ਵਿੱਚ ਵੋਟ ਪਾਉਣ ਆਏ ਸਨ।


ਇਸ ਮਗਰੋਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਵਿੱਚ ਕਿਹਾ, ‘ਅੱਜ, ਰਾਜ ਸਭਾ ਵਿੱਚ ਡਾ. ਮਨਮੋਹਨ ਸਿੰਘ ਇਮਾਨਦਾਰੀ ਦੇ ਪ੍ਰਤੀਕ ਵਜੋਂ ਖੜ੍ਹੇ ਹੋਏ ਤੇ ਕਾਲੇ ਆਰਡੀਨੈਂਸ ਖ਼ਿਲਾਫ਼ ਵੋਟ ਪਾਉਣ ਲਈ ਵਿਸ਼ੇਸ਼ ਤੌਰ ’ਤੇ ਆਏ। ਲੋਕਤੰਤਰ ਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਡੂੰਘੀ ਪ੍ਰੇਰਣਾ ਹੈ। ਉਨ੍ਹਾਂ ਦੇ ਅਣਮੁੱਲੇ ਸਹਿਯੋਗ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’


ਇਸੇ ਤਰ੍ਹਾਂ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ, ‘ਇਹ ਪ੍ਰਤੀਕਵਾਦ ਨਾਲ ਭਰਪੂਰ ਪਲ ਹੈ। ਵੱਡੀ ਉਮਰ ਦੀ ਇੱਕ ਸ਼ਖ਼ਸੀਅਤ ਜਿਸ ਨੇ ਹਮੇਸ਼ਾ ਰਾਸ਼ਟਰ ਨੂੰ ਪਹਿਲ ਦਿੱਤੀ ਹੈ, ਬਿਮਾਰ ਸਿਹਤ ਦੇ ਬਾਵਜੂਦ ਉਸ ਦੀ ਮੌਜੂਦਗੀ, ਉਸ ਦੀ ਵਚਨਬੱਧਤਾ, ਫਰਜ਼ ਪ੍ਰਤੀ ਸਮਰਪਣ ਦੀ ਯਾਦ ਦਿਵਾਉਂਦਾ ਹੈ। ਡਾ. ਮਨਮੋਹਨ ਸਿੰਘ ਨੂੰ ਪ੍ਰਣਾਮ।’



ਦੂਜੇ ਪਾਸੇ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ’ਤੇ ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਮੌਜੂਦਗੀ ਨੂੰ ‘ਸ਼ਰਮਨਾਕ’ ਦੱਸਿਆ ਹੈ। ਭਾਜਪਾ ਨੇ ਆਪਣੇ ਗੱਠਜੋੜ ਨੂੰ ਕਾਇਮ ਰੱਖਣ ਲਈ ਲੰਬੇ ਸਮੇਂ ਤੱਕ ਬੈਠਣ ਲਈ ਕਾਂਗਰਸ ’ਤੇ ਹਮਲਾ ਕੀਤਾ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘ਦੇਸ਼ ਯਾਦ ਰੱਖੇਗਾ ਕਾਂਗਰਸ ਦਾ ਇਹ ਜਨੂੰਨ! ਕਾਂਗਰਸ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਰ ਰਾਤ ਤੱਕ ਵ੍ਹੀਲਚੇਅਰ ’ਤੇ ਅਜਿਹੀ ਸਿਹਤ ਦੀ ਹਾਲਤ ਵਿੱਚ ਵੀ ਬਿਠਾ ਕੇ ਸਦਨ ਵਿੱਚ ਰੱਖਿਆ ਤੇ ਉਹ ਵੀ ਸਿਰਫ਼ ਆਪਣੇ ਬੇਈਮਾਨ ਗੱਠਜੋੜ ਨੂੰ ਕਾਇਮ ਰੱਖਣ ਲਈ! ਬਹੁਤ ਸ਼ਰਮਨਾਕ!’ 


ਇਸੇ ਦੌਰਾਨ ਕਾਂਗਰਸ ਵੱਲੋਂ ਭਾਜਪਾ ’ਤੇ ਜਵਾਬੀ ਹੱਲਾ ਬੋਲਿਆ ਗਿਆ ਤੇ ਅਟਲ ਬਿਹਾਰੀ ਵਾਜਪਾਈ ਦੀ ਵ੍ਹੀਲ ਚੇਅਰ ’ਤੇ ਬੈਠਿਆਂ ਦੀ ਤਸਵੀਰ ਜਾਰੀ ਕੀਤੀ। ਕਾਂਗਰਸ ਦੇ ਆਗੂ ਪਵਨ ਖੇੜਾ ਨੇ ਇਹ ਤਸਵੀਰ ਟਵਿੱਟਰ ’ਤੇ ਟੈਗ ਕੀਤੀ। ਉਨ੍ਹਾਂ ਲਿਖਿਆ, ‘ਇਹ ਤਸਵੀਰ 2007 ਦੀਆਂ ਰਾਸ਼ਟਰਪਤੀ ਚੋਣਾਂ ਦੀ ਹੈ। ਇਸ ਚੋਣ ਵਿੱਚ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ 638,116 ਤੇ ਸ੍ਰੀ ਭੈਰੋਂ ਸਿੰਘ ਸ਼ੇਖਾਵਤ ਨੂੰ 331,306 ਵੋਟਾਂ ਮਿਲੀਆਂ। ਵੋਟ ਪਾਉਣ ਸਮੇਂ ਅਟਲ ਜੀ ਨੂੰ ਆਪਣੀ ਵ੍ਹੀਲ ਚੇਅਰ ਛੱਡ ਕੇ ਬੜੀ ਮੁਸ਼ਕਲ ਨਾਲ ਅੰਦਰ ਜਾਣਾ ਪਿਆ। ਭਾਜਪਾ ਨੂੰ ਪਤਾ ਸੀ ਕਿ ਭੈਰੋਂ ਸਿੰਘ ਬੁਰੀ ਤਰ੍ਹਾਂ ਚੋਣ ਹਾਰ ਜਾਣਗੇ ਪਰ ਫਿਰ ਵੀ ਅਟਲ ਜੀ ਨੂੰ ਲਿਆਂਦਾ ਗਿਆ।’