ਚੰਡੀਗੜ੍ਹ: ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਪਰਗਟ ਸਿੰਘ (Former education minister and senior Congress leader Pargat Singh) ਨੇ 'ਆਮ ਆਦਮੀ ਪਾਰਟੀ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਕਿਤਾਬਾਂ ਦੀ ਉਡੀਕ ਕਰ ਰਹੇ ਹਨ। ਅਸਲ ਵਿੱਚ ਕਾਗਜ਼ਾਂ ਦੀ ਘਾਟ ਕਾਰਨ ਕਿਤਾਬਾਂ ਦੀ ਛਪਾਈ ਹੋਣੀ ਬਾਕੀ ਹੈ। ਉਨ੍ਹਾਂ ਨੇ ਵਿਅੰਗ ਕੀਤਾ ਕਿ ਅਸਲ ਵਿੱਚ ਇਹ 'ਸਿੱਖਿਆ ਦਾ ਦਿੱਲੀ ਮਾਡਲ' ਹੈ!!
ਉਧਰ, ਅਧਿਆਪਕ ਯੂਨੀਅਨਾਂ ਦੀ ਕਹਿਣਾ ਹੈ ਕਿ ਸਕੂਲਾਂ ਤੱਕ ਸਮੇਂ ਸਿਰ ਕਿਤਾਬਾਂ ਪਹੁੰਚਾਉਣ ਵਿੱਚ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ‘ਆਪ’ ਸਰਕਾਰ ਵੀ ਅਸਫ਼ਲ ਨਜ਼ਰ ਆ ਰਹੀ ਹੈ। ਸਰਕਾਰੀ ਅਣਗਹਿਲੀ ਸਦਕਾ ਅਪਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਦਿਅਕ ਵਰ੍ਹੇ ਦੇ ਚਾਰ ਹਫਤੇ ਬੀਤਣ ਪਿੱਛੋਂ ਵੀ, ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀ ਬਿਨਾਂ ਕਿਤਾਬਾਂ ਤੋਂ ਹੀ ਸਕੂਲ ਜਾਣ ਲਈ ਮਜਬੂਰ ਹਨ।
ਅਧਿਆਪਕਾਂ ਦਾ ਕਹਿਣਾ ਹੈ ਕਿ ਨਵੀਂ ਬਣੀ ਸਰਕਾਰ, ਮਿਆਰੀ ਸਿਹਤ ਤੇ ਸਿੱਖਿਆ ਨੂੰ ਸਿਆਸੀ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਹੈ, ਪਰ ਹਾਲੇ ਤਕ ਜਨਤਕ ਸਿੱਖਿਆ ਪ੍ਰਤੀ ਬੇਰੁਖ਼ੀ ਹੀ ਨਜ਼ਰ ਆ ਰਹੀ ਹੈ। ਨਤੀਜੇ ਵਜੋਂ, ਸਰਕਾਰੀ ਸਕੂਲਾਂ ਦੇ ਲੱਖਾਂ ਬੱਚੇ ਬਿਨਾਂ ਪਾਠ ਪੁਸਤਕਾਂ ਤੋਂ ਸਕੂਲਾਂ ਵਿੱਚ ਪੜ੍ਹਨ ਜਾਣ ਲਈ ਮਜਬੂਰ ਹਨ।
ਇਨ੍ਹਾਂ ਵਿੱਚੋਂ ਅੱਠਵੀ, ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਤਾਂ ਹੋਰ ਵੀ ਡਾਢੀ ਸਮੱਸਿਆ ਦਰਪੇਸ਼ ਹੈ, ਕਿਉਂਕਿ ਪੁਰਾਣੇ ਵਿੱਦਿਅਕ ਸੈਸ਼ਨ ਨਾਲ ਸਬੰਧਤ ਬੋਰਡ ਪ੍ਰੀਖਿਆਵਾਂ ਹਾਲੇ ਮੁਕੰਮਲ ਨਹੀਂ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਜਮਾਤਾਂ ਵਿੱਚਲੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਅੰਸ਼ਕ ਰਾਹਤ ਦੇ ਰੂਪ ਵਿੱਚ ਪੁਰਾਣੀਆਂ ਕਿਤਾਬਾਂ ਵੀ ਪ੍ਰਾਪਤ ਨਹੀਂ ਹੋ ਰਹੀਆਂ ਹਨ।