ਬਿਜਨੌਰ: ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਪੁੱਛਿਆ ਕਿ ਮੋਦੀ ਸਰਕਾਰ ਵਿੱਚ ਕੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ? ਉਨ੍ਹਾਂ ਕਿਹਾ ਕਿ ਮੰਨਿਆ ਤੁਸੀਂ ਭਲਾਈ ਲਈ ਕਾਨੂੰਨ ਬਣਾਏ ਹਨ ਪਰ ਜਦੋਂ ਉਹ ਨਹੀਂ ਚਾਹੁੰਦੇ, ਤਾਂ ਕਾਨੂੰਨ ਵਾਪਸ ਲੈ ਲਵੋ।


 


ਪ੍ਰਿਅੰਕਾ ਗਾਂਧੀ ਨੇ ਸੁਆਲ ਕੀਤਾ ਕਿ ਕੀ ਮੋਦੀ ਸਰਕਾਰ ਜ਼ਬਰਦਸਤੀ ਕਿਸਾਨਾਂ ਦੀ ਭਲਾਈ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਬਣਾਉਂਦੇ ਹੋ। ਤੁਹਾਡੇ ਤੇ ਸਾਡੇ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਤੇ ਉਸੇ ਰਿਸ਼ਤੇ ਦੇ ਦਮ ’ਤੇ ਤੁਸੀਂ ਇੱਕ ਨੇਤਾ ਨੂੰ ਅੱਗੇ ਵਧਾਉਂਦੇ ਹੋ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਉਹ ਨੇਤਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਮਦਦ ਕਰੇਗਾ।


 


ਪ੍ਰਿਅੰਕਾ ਗਾਂਧੀ ਨੇ ਸੁਆਲ ਕੀਤਾ ਕਿ ਸਾਲ 2017 ਤੋਂ ਇੱਥੇ ਗੰਨੇ ਦਾ ਭਾਅ ਨਹੀਂ ਵਧਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦਾ ਬਕਾਇਆ ਪੂਰਾ ਨਹੀਂ ਕੀਤਾ ਪਰ ਆਪਣੇ ਲਈ 16 ਹਜ਼ਾਰ ਕਰੋੜ ਰੁਪਏ ਦਾ ਜਹਾਜ਼ ਖ਼ਰੀਦ ਲਿਆ। ਮੋਦੀ ਸਰਕਾਰ ਜੋ ਨਵੇਂ ਕਾਨੂੰਨ ਲਿਆਈ ਹੈ, ਉਸ ਨਾਲ ਉਦਯੋਗਪਤੀ ਜਮ੍ਹਾਖੋਰੀ ਕਰ ਸਕਦੇ ਹਨ।


 


ਪ੍ਰਧਾਨ ਮੰਤਰੀ ਮੋਦੀ ਅਮਰੀਕਾ, ਚੀਨ ਤੇ ਪਾਕਿਸਤਾਨ ਜਾ ਸਕਦੇ ਹਨ ਪਰ ਦਿੱਲੀ ’ਚ ਬੈਠੇ ਕਿਸਾਨਾਂ ਨੂੰ ਨਹੀਂ ਮਿਲ ਸਕਦੇ। ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦਾ ਮਜ਼ਾਕ ਉਡਾਇਆ ਤੇ ਉਨ੍ਹਾਂ ਨੂੰ ‘ਅੰਦੋਲਨਜੀਵੀ ਤੇ ਪਰਜੀਵੀ’ ਦੱਸਿਆ। ਮੋਦੀ ਜੀ ਦੇਸ਼ ਭਗਤ ਤੇ ਦੇਸ਼ ਧ੍ਰੋਹੀ ਵਿਚਾਲੇ ਫ਼ਰਕ ਨਹੀਂ ਪਛਾਣ ਸਕੇ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਨੇ ਤੁਹਾਨੂੰ ਸੱਤਾ ’ਤੇ ਬਿਠਾਇਆ ਹੈ, ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦੀ ਹੈ।