ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (captain Amarinder Singh) ਨੇ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਏਸੀਪੀ ਅਨਿਲ ਕੋਹਲੀ (ACP anil kohli) ਦੇ ਛੋਟੇ ਬੇਟੇ ਨੂੰ ਪੰਜਾਬ ਪੁਲਿਸ (Punjab Police) ਵਿੱਚ ਐਸਆਈ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਏਸੀਪੀ ਕੋਹਲੀ ਦੀ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਸੀ।

ਬੁੱਧਵਾਰ ਨੂੰ 687 ਫਰੰਟਲਾਈਨ ਫੀਲਡ ਅਧਿਕਾਰੀਆਂ/ਕਰਮਚਾਰੀਆਂ ਨਾਲ ਆਪਣੀ ਪਹਿਲੀ ਵੀਡੀਓ ਕਾਨਫਰੰਸ ਦੌਰਾਨ 117 ਡੀਐਸਪੀ, 382 ਐਸਐਚਓ, ਅਤੇ ਏਡੀਜੀਪੀ, ਆਈਜੀ, ਐਸਐਸਪੀ, ਐਸਪੀ ਸ਼ਾਮਲ ਸੀ। ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਏਸੀਪੀ ਕੋਹਲੀ ਦੇ ਬੇਟੇ ਪਾਰਸ ਦੀ ਨਿਯੁਕਤੀ ਦੀ ਸ਼ਰਤਪੂਰਵਕ ਪੇਸ਼ਕਸ਼ ਗਈ ਸੀ। ਉਸ ਨੂੰ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਪੰਜਾਬ ਪੁਲਿਸ ‘ਚ ਇੱਕ ਸਬ-ਇੰਸਪੈਕਟਰ ਨਿਯੁਕਤ ਕੀਤਾ ਜਾਏਗਾ।

ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਮੁੱਖ ਮੋਰਚਿਆਂ ‘ਤੇ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਅਤੇ ਕਲਿਆਣ ਲਈ ਕਾਫੀ ਮਦਦ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪਹਿਲੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਲਈ 50 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਦੇਣ ਦਾ ਐਲਾਨ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਹ ਵੀ ਪ੍ਰਸਤਾਵ ਦਿੱਤਾ ਸੀ ਕਿ ਮ੍ਰਿਤਕ ਪੁਲਿਸ ਅਧਿਕਾਰੀ ਦੇ ਪਰਿਵਾਰਾਂ ਨੂੰ ਪੈਨਸ਼ਨ ਵਜੋਂ ਪੂਰੀ ਤਨਖਾਹ ਦਿੱਤੀ ਜਾਵੇ। ਗੁਪਤਾ ਨੇ ਸਾਫ ਕੀਤਾ ਕਿ ਫਰੰਟਲਾਈਨ ਪੁਲਿਸ ਮੁਲਾਜ਼ਮਾਂ ਲਈ ਸੁਰੱਖਿਆ ਉਪਕਰਣਾਂ ਜਾਂ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕੋਲ ਪਹਿਲਾਂ ਤੋਂ ਕੋਵਿਡ ਦੀ ਲੜਾਈ ਲੜਨ ਵਾਲਿਆਂ ਲਈ ਲੋੜੀਂਦੇ ਪੀਪੀਈ ਕਿੱਟ ਵੀ ਸੀ, ਉਨ੍ਹਾਂ ਕਿਹਾ ਕਿ 150 ਤੋਂ ਵੱਧ ਪਲਸ ਆਕਸੀਮੀਟਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਭੇਜੇ ਗਏ ਹਨ, ਜਿਸ ਨਾਲ ਕੋਵਿਡ-19 ਨਾਲ ਜੁੜੀਆਂ ਸਾਹ ਦੀਆਂ ਸਮੱਸਿਆਵਾਂ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਛੇਤੀ ਚੇਤਾਵਨੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਲਈ ਵੱਖਰੀਆਂ ਸਹੂਲਤਾਂ ਵੀ ਰੱਖੀਆਂ ਗਈਆਂ ਹਨ।