ਨਵੀਂ ਦਿੱਲੀ: ਇਸ ਵੇਲੇ ਮਲੇਸ਼ੀਆ ਦਾ ‘ਫਸਟ ਵਰਲਡ ਹੋਟਲ’ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਦਾ ਦਰਜਾ ਹਾਸਲ ਹੈ, ਜਿਸ ਦੇ ਕੁੱਲ 7,351 ਕਮਰੇ ਹਨ। ਇਸ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਹਾਲਾਂਕਿ, ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ‘ਚ ਹੁਣ ਇੱਕ ਵੱਡਾ ਹੋਟਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਕੁੱਲ 10,000 ਕਮਰੇ ਹੋਣਗੇ। ਇਸ 12-ਟਾਵਰਾਂ ਵਾਲੇ ਹੋਟਲ ‘ਚ ਕਮਰਿਆਂ ਤੋਂ ਇਲਾਵਾ, 70 ਰੈਸਟੋਰੈਂਟ ਵੀ ਹੋਣਗੇ, ਜੋ ਦਿਨ ਰਾਤ ਖੁੱਲ੍ਹੇ ਰਹਿਣਗੇ।


ਇਸ ਹੋਟਲ ਦਾ ਨਾਂ ‘ਅਬਰਾਜ ਕੁਦੈ’ ਹੈ। 45 ਮੰਜ਼ਲਾ ਉੱਚੇ ਇਸ ਹੋਟਲ ਉੱਪਰ ਚਾਰ ਹੈਲੀਪੈਡ ਵੀ ਬਣਾਏ ਗਏ ਹਨ ਤਾਂ ਕਿ ਜੇ ਮਹਿਮਾਨ ਹੈਲੀਕਾਪਟਰ ਰਾਹੀਂ ਆ ਰਹੇ ਹੋਣ ਤਾਂ ਉਨ੍ਹਾਂ ਦਾ ਹੈਲੀਕਾਪਟਰ ਉੱਥੇ ਉੱਤਰ ਸਕਦਾ ਹੈ। ਇਸ ਹੋਟਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀਆਂ ਪੰਜ ਮੰਜ਼ਲਾਂ ਸਿਰਫ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੀ ਵਰਤੋਂ ਲਈ ਬਣਾਈਆਂ ਗਈਆਂ ਹਨ, ਜਿੱਥੇ ਆਮ ਲੋਕਾਂ ਦੇ ਬਗੈਰ ਇਜਾਜ਼ਤ ਜਾਣ ਦੀ ਮਨਾਹੀ ਹੋਵੇਗੀ।


ਮੰਨਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ ਉਸਾਰੀ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਵੇਗੀ। ਹੋਟਲ ਸੁਰੱਖਿਆ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਹਾਲਾਂਕਿ ਹੋਟਲ ਲਗਪਗ ਤਿਆਰ ਹੈ, ਪਰ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਤਿਆਰ ਹੋਣ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੋਏਗਾ।